ਸਬਰੀਮਾਲਾ ''ਚ ਰਸਮਾਂ, ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਹੋਣਾ ਚਾਹੀਦੈ ਸਨਮਾਨ : ਸ਼੍ਰੀ ਸ਼੍ਰੀ
Thursday, Nov 15, 2018 - 08:26 PM (IST)

ਫੁਜੈਰਾਹ ਸਿਟੀ (ਦੁਬਈ), (ਭਾਸ਼ਾ)- ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਸਬਰੀਮਾਲਾ ਵਿਚ ਹਰ ਉਮਰ ਦੀਆਂ ਔਰਤਾਂ ਦੇ ਦਾਖਲੇ ਦੇ ਮੁੱਦੇ 'ਤੇ ਰਸਮਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਲਿੰਗ ਸਮਾਨਤਾ ਨੂੰ ਭਗਵਾਨ ਅਯੱਪਾ ਮੰਦਰ ਨਾਲ ਸਬੰਧਿਤ ਮਾਮਲਿਆਂ ਵਿਚ ਲਾਗੂ ਕਰਨ ਦੀ ਲੋੜ ਨਹੀਂ ਹੈ। ਕੇਰਲ ਸਰਕਾਰ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮ ਨੂੰ ਮੰਨਣ ਲਈ ਵਚਨਬੱਧ ਹਨ।
ਇਸ ਤੋਂ ਬਾਅਦ ਸੂਬੇ ਵਿਚ ਵਿਆਪਕ ਪ੍ਰਦਰਸ਼ਨ ਹੋਏ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੰਦਰ ਅੰਦਰ 10 ਤੋਂ 50 ਸਾਲ ਦੀਆਂ ਔਰਤਾਂ ਦੇ ਦਾਖਲੇ 'ਤੇ ਲਾਗੂ ਸਦੀਆਂ ਪੁਰਾਣੀ ਪਾਬੰਦੀ ਹੱਟ ਗਈ। ਸ਼੍ਰੀ-ਸ਼੍ਰੀ ਨੇ ਕਿਹਾ ਕਿ ਧਰਮ ਅਤੇ ਮਾਨਤਾ ਨਾਲ ਸਬੰਧਿਤ ਮਾਮਲਿਆਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਅਧਿਆਤਮਕ ਗੁਰੂਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਵਿਚ ਭਗਵਾਨ ਅਯੱਪਾ ਨੂੰ ਸਮਰਪਿਤ ਕਈ ਮੰਦਰ ਹਨ ਅਤੇ ਕੇਰਲ ਦੇ ਮੰਦਰ ਨੂੰ ਛੱਡ ਕੇ ਕਿਸੇ ਮੰਦਰ ਵਿਚ ਔਰਤਾਂ ਦੇ ਦਾਖਲੇ 'ਤੇ ਪਾਬੰਦੀ ਨਹੀਂ ਹੈ। ਸ਼੍ਰੀ-ਸ਼੍ਰੀ ਰਵੀਸ਼ੰਕਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਇਹ ਤਾਂ ਇਕ ਰਸਮ ਹੈ ਅਤੇ ਇਸ ਵਿਚ ਲੋਕਾਂ ਦੀਆਂ ਭਾਵਨਾਵਾਂ ਵੀ ਸ਼ਾਮਲ ਹਨ।
ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਇਸ ਮੰਦਰ ਵਿਚ ਇਹ ਕੋਈ ਲਿੰਗਕ ਅਸਮਾਨਤਾ ਦਾ ਮਾਮਲਾ ਨਹੀਂ ਹੈ। ਅਸਲ ਵਿਚ ਭਾਰਤੀ ਸੰਸਕ੍ਰਿਤੀ ਵਿਚ ਔਰਤਾਂ ਪ੍ਰਤੀ ਬਹੁਤ ਸਨਮਾਨ ਦਾ ਭਾਵ ਹੈ। ਸਹੀ ਮਾਇਨੇ ਵਿਚ ਸਮਾਨਤਾ ਇਹ ਹੈ ਕਿ ਔਰਤਾਂ ਦੀ ਸੁਰੱਖਿਆ ਯਕੀਨੀ ਹੋਵੇ, ਕਰੀਅਰ ਵਿਚ ਉਨ੍ਹਾਂ ਨੂੰ ਸਨਮਾਨ ਦਾ ਮੌਕਾ ਮਿਲੇ ਅਤੇ ਹਰ ਲੜਕੀ ਨੂੰ ਬਿਹਤਰ ਸਿੱਖਿਆ ਹਾਸਲ ਹੋਵੇ।