ਰੂਸੀ ਫ਼ੌਜ ਵੱਲੋਂ ਯੂਕ੍ਰੇਨ ''ਚ ਦੋ ਵੱਡੇ ਧਮਾਕੇ, ਬਾਲਣ ਸਪਲਾਈ ਕੇਂਦਰਾਂ ਤੇ ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ

Sunday, Feb 27, 2022 - 12:42 PM (IST)

ਰੂਸੀ ਫ਼ੌਜ ਵੱਲੋਂ ਯੂਕ੍ਰੇਨ ''ਚ ਦੋ ਵੱਡੇ ਧਮਾਕੇ, ਬਾਲਣ ਸਪਲਾਈ ਕੇਂਦਰਾਂ ਤੇ ਹਵਾਈ ਅੱਡਿਆਂ ਨੂੰ ਬਣਾਇਆ ਨਿਸ਼ਾਨਾ

ਕੀਵ (ਭਾਸ਼ਾ)- ਰੂਸ ਨੇ ਯੂਕ੍ਰੇਨ ਖ਼ਿਲਾਫ਼ ਜਾਰੀ ਹਮਲੇ ਵਿੱਚ ਉਸ ਦੇ ਹਵਾਈ ਅੱਡਿਆਂ ਅਤੇ ਬਾਲਣ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਦਾ ਦੂਜਾ ਪੜਾਅ ਜਾਪਦਾ ਹੈ, ਜੋ ਤਿੱਖੇ ਵਿਰੋਧ ਕਾਰਨ ਮੱਠਾ ਪੈ ਗਿਆ ਹੈ। ਰੂਸ ਦੀ ਫ਼ੌਜ ਨੇ ਐਤਵਾਰ ਤੜਕੇ ਯੂਕ੍ਰੇਨ ਦੇ ਵਸਿਲਕੀਵ ਵਿੱਚ ਇੱਕ ਤੇਲ ਡਿਪੂ 'ਤੇ ਮਿਜ਼ਾਈਲ ਹਮਲਾ ਕੀਤਾ ਅਤੇ ਖਾਰਕੀਵ ਵਿੱਚ ਇੱਕ ਗੈਸ ਪਾਈਪਲਾਈਨ ਨੂੰ ਉਡਾ ਦਿੱਤਾ। ਸੀਐਨਐਨ ਨੇ ਦੱਸਿਆ ਕਿ ਪਹਿਲਾ ਧਮਾਕਾ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 30 ਕਿਲੋਮੀਟਰ ਦੱਖਣ ਵਿੱਚ ਵਸਿਲਕੀਵ ਸ਼ਹਿਰ ਵਿੱਚ ਹੋਇਆ। ਇੱਥੇ ਇੱਕ ਵੱਡੇ ਫ਼ੌਜੀ ਹਵਾਈ ਅੱਡੇ ਦੇ ਨਾਲ-ਨਾਲ ਕਈ ਬਾਲਣ ਟੈਂਕ ਵੀ ਹਨ। 

PunjabKesari

ਦੂਜਾ ਧਮਾਕਾ ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਹੋਇਆ, ਜਿੱਥੇ ਰੂਸੀ ਸੁਰੱਖਿਆ ਬਲਾਂ ਨੇ ਕੁਦਰਤੀ ਗੈਸ ਪਾਈਪਲਾਈਨ ਨੂੰ ਉਡਾ ਦਿੱਤਾ। ਯੂਕ੍ਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਗੇਰਾਸ਼ੈਂਕੋ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਕੇਐਲਓ ਕੰਪਨੀ ਦੇ ਵਾਸਿਲਕੋਵਸਕਾਇਆ ਤੇਲ ਡਿਪੂ 'ਤੇ ਇੱਕ ਮਿਜ਼ਾਈਲ ਹਮਲਾ ਕੀਤਾ ਗਿਆ ਸੀ। ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਧਮਾਕੇ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਇਹ ਲੰਬੇ ਸਮੇਂ ਤੱਕ ਮਚਦਾ ਰਹੇਗਾ ਅਤੇ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਾਏਗਾ। ਉੱਧਰ ਰੂਸ ਵੱਲੋਂ ਜਾਰੀ ਹਮਲਿਆਂ ਵਿਚਕਾਰ ਯੂਕ੍ਰੇਨ ਦੇ ਗਵਰਨਰ ਦਿਮਤਰੀ ਜਿਵਤਸਿਕੀ ਨੇ ਕਿਹਾ ਕਿ ਰੂਸੀ ਗੋਲੀਬਾਰੀ ਵਿਚ 7 ਸਾਲ ਦੀ ਬੱਚੀ ਸਮੇਤ 6 ਲੋਕ ਮਾਰੇ ਗਏ ਹਨ।

PunjabKesari

ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ (ਈਯੂ) ਨੇ ਯੂਕ੍ਰੇਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਪ੍ਰਦਾਨ ਕੀਤਾ ਹੈ ਅਤੇ ਰੂਸ ਨੂੰ ਹੋਰ ਅਲੱਗ-ਥਲੱਗ ਕਰਨ ਲਈ ਸਖ਼ਤ ਪਾਬੰਦੀਆਂ ਲਗਾਈਆਂ ਹਨ। ਐਤਵਾਰ ਤੜਕੇ ਜਦੋਂ ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਦੱਖਣ ਵਿੱਚ ਵੱਡੇ ਧਮਾਕੇ ਹੋਏ ਤਾਂ ਲੋਕ ਰੂਸੀ ਬਲਾਂ ਦੇ ਵੱਡੇ ਹਮਲੇ ਦੇ ਡਰੋਂ ਆਪਣੇ ਘਰਾਂ, ਭੂਮੀਗਤ ਗੈਰੇਜਾਂ ਅਤੇ ਉਪਨਗਰੀਏ ਸਟੇਸ਼ਨਾਂ ਵਿੱਚ ਲੁਕ ਗਏ ਸਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਦਫਤਰ ਅਤੇ ਨੇੜਲੇ ਸ਼ਹਿਰ ਵਾਸਿਲਕੀਵ ਦੇ ਮੇਅਰ ਨੇ ਕਿਹਾ ਕਿ ਰਾਜਧਾਨੀ ਤੋਂ ਲਗਭਗ 25 ਮੀਲ ਦੱਖਣ ਵਿਚ ਜ਼ੁਲਿਆਨੀ ਹਵਾਈ ਅੱਡੇ ਨੇੜੇ ਇਕ ਤੇਲ ਡਿਪੂ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ। ਜ਼ੇਲੇਂਸਕੀ ਦੇ ਦਫ਼ਤਰ ਨੇ ਕਿਹਾ ਕਿ ਰੂਸੀ ਬਲਾਂ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਇੱਕ ਗੈਸ ਪਾਈਪਲਾਈਨ ਵਿੱਚ ਵੀ ਧਮਾਕਾ ਕੀਤਾ। ਜ਼ੇਲੇਂਸਕੀ ਨੇ ਸਹੁੰ ਖਾਧੀ, “ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਖਰੀ ਸਮੇਂ ਤੱਕ ਲੜਾਂਗੇ।” 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨਾਟੋ ਭਾਈਵਾਲਾਂ ਰਾਹੀਂ ਯੂਕ੍ਰੇਨ ਨੂੰ ਭੇਜੇਗਾ ਹਥਿਆਰ

ਸਰਕਾਰ ਨੇ 39 ਘੰਟੇ ਦਾ ਕਰਫਿਊ ਲਗਾਇਆ ਹੈ ਤਾਂ ਜੋ ਲੋਕ ਸੜਕਾਂ ‘ਤੇ ਨਾ ਆਉਣ। 150,000 ਤੋਂ ਵੱਧ ਲੋਕ ਯੂਕ੍ਰੇਨ ਤੋਂ ਪੋਲੈਂਡ, ਮੋਲਡੋਵਾ ਅਤੇ ਹੋਰ ਦੇਸ਼ਾਂ ਵਿੱਚ ਚਲੇ ਗਏ ਹਨ ਅਤੇ ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੁੱਧ ਜਾਰੀ ਰਿਹਾ ਤਾਂ ਇਹ ਗਿਣਤੀ 4 ਮਿਲੀਅਨ ਤੋਂ ਵੱਧ ਹੋ ਸਕਦੀ ਹੈ। ਅਮਰੀਕਾ ਨੇ ਯੂਕ੍ਰੇਨ ਨੂੰ ਟੈਂਕ ਵਿਰੋਧੀ ਹਥਿਆਰਾਂ ਅਤੇ ਛੋਟੇ ਹਥਿਆਰਾਂ ਸਮੇਤ 350 ਮਿਲੀਅਨ ਡਾਲਰ ਦੀ ਵਾਧੂ ਫ਼ੌਜੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਜਰਮਨੀ ਨੇ ਕਿਹਾ ਕਿ ਉਹ ਯੂਕ੍ਰੇਨ ਨੂੰ ਮਿਜ਼ਾਈਲਾਂ ਅਤੇ ਟੈਂਕ ਵਿਰੋਧੀ ਹਥਿਆਰ ਭੇਜੇਗਾ ਅਤੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਵੇਗਾ। ਯੂਕ੍ਰੇਨ 'ਤੇ ਰੂਸੀ ਹਮਲੇ ਦੇ ਮੱਦੇਨਜ਼ਰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਅਤੇ ਹਿੱਸੇਦਾਰਾਂ ਨੇ ਪਾਬੰਦੀਸ਼ੁਦਾ ਰੂਸੀ ਬੈਂਕਾਂ ਨੂੰ ਗਲੋਬਲ ਵਿੱਤੀ ਪ੍ਰਣਾਲੀ 'ਸਵਿਫਟ' ਵਿੱਤੀ ਪ੍ਰਣਾਲੀ ਤੋਂ ਹਟਾਉਣ ਅਤੇ ਰੂਸ ਦੇ ਕੇਂਦਰੀ ਬੈਂਕ ਵਿਰੁੱਧ ਪਾਬੰਦੀਆਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਯੂਕ੍ਰੇਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਯੁੱਧ 'ਚ ਤਿੰਨ ਬੱਚਿਆਂ ਸਮੇਤ 198 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News