ਯੂਕ੍ਰੇਨ ''ਤੇ ਰੂਸ ਦਾ ਭਿਆਨਕ ਡਰੋਨ ਹਮਲਾ ! 2 ਦੀ ਮੌਤ, 14 ਹੋਰ ਜ਼ਖ਼ਮੀ
Monday, Apr 27, 2026 - 05:29 PM (IST)
ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਕਾਰ ਜਾਰੀ ਜੰਗ ਹੁਣ ਆਪਣੇ 5ਵੇਂ ਸਾਲ ਵਿੱਚ ਦਾਖ਼ਲ ਹੋ ਚੁੱਕੀ ਹੈ। ਸੋਮਵਾਰ ਤੜਕਸਾਰ ਰੂਸ ਨੇ ਯੂਕ੍ਰੇਨ ਦੇ ਪ੍ਰਮੁੱਖ ਬੰਦਰਗਾਹ ਸ਼ਹਿਰ ਓਡੇਸਾ ਨੂੰ ਨਿਸ਼ਾਨਾ ਬਣਾ ਕੇ ਭਿਆਨਕ ਡਰੋਨ ਹਮਲਾ ਕੀਤਾ। ਇਸ ਹਮਲੇ ਵਿੱਚ ਦੋ ਬੱਚਿਆਂ ਸਮੇਤ 14 ਲੋਕ ਜ਼ਖ਼ਮੀ ਹੋ ਗਏ ਹਨ।
ਸਥਾਨਕ ਪ੍ਰਸ਼ਾਸਨ ਅਨੁਸਾਰ, ਰੂਸੀ ਡਰੋਨਾਂ ਨੇ ਰਿਹਾਇਸ਼ੀ ਇਲਾਕਿਆਂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ। ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੇਹ ਕੀਪਰ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ 5 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ, ਰੂਸ ਦੇ ਕਬਜ਼ੇ ਵਾਲੇ ਖੇਰਸਾਨ ਇਲਾਕੇ ਵਿੱਚ ਯੂਕ੍ਰੇਨੀ ਡਰੋਨ ਹਮਲੇ ਵਿੱਚ ਇੱਕ ਬਜ਼ੁਰਗ ਜੋੜੇ (70 ਸਾਲ) ਦੀ ਮੌਤ ਹੋਣ ਦੀ ਖ਼ਬਰ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ ਰੂਸ ਨੇ ਯੂਕ੍ਰੇਨ 'ਤੇ ਲਗਭਗ 1,900 ਡਰੋਨ ਦਾਗੇ ਹਨ, ਜਦਕਿ 1,400 ਦੇ ਕਰੀਬ ਸ਼ਕਤੀਸ਼ਾਲੀ ਗਾਈਡਿਡ ਏਅਰ ਬੰਬ ਤੇ 60 ਮਿਜ਼ਾਈਲਾਂ ਵਰਤੀਆਂ ਹਨ।
ਜ਼ੇਲੇਂਸਕੀ ਨੇ ਦਾਵਾ ਕੀਤਾ ਕਿ ਯੂਕ੍ਰੇਨ ਦੀ ਨਵੀਂ ਫੌਜੀ ਤਕਨੀਕ ਕਾਰਨ ਉਹ 90 ਫ਼ੀਸਦੀ ਰੂਸੀ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਅਮਰੀਕਾ ਤੋਂ ਹੋਰ ਪੈਟ੍ਰੀਅਟ ਹਵਾਈ ਰੱਖਿਆ ਪ੍ਰਣਾਲੀਆਂ ਦੀ ਮੰਗ ਕੀਤੀ ਹੈ ਤਾਂ ਜੋ ਰੂਸੀ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਿਆ ਜਾ ਸਕੇ।
