ਉੱਤਰ ਪੱਛਮੀ ਪਾਕਿਸਤਾਨ ਦੋ ਧਮਾਕਿਆਂ ਦੌਰਾਨ 7 ਲੋਕਾਂ ਦੀ ਮੌਤ ਤੇ 3 ਜ਼ਖਮੀ

Saturday, Jun 20, 2026 - 05:01 PM (IST)

ਉੱਤਰ ਪੱਛਮੀ ਪਾਕਿਸਤਾਨ ਦੋ ਧਮਾਕਿਆਂ ਦੌਰਾਨ 7 ਲੋਕਾਂ ਦੀ ਮੌਤ ਤੇ 3 ਜ਼ਖਮੀ

ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸ਼ਨੀਵਾਰ ਨੂੰ ਸੜਕ ਕਿਨਾਰੇ ਹੋਏ ਦੋ ਧਮਾਕਿਆਂ ਵਿਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਅਜੇ ਤੱਕ ਕਿਸੇ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਧਮਾਕਾ ਬੰਨੂ ਜ਼ਿਲ੍ਹੇ ਦੇ ਮਰਕਾ ਬੇਰਾ ਇਲਾਕੇ ਵਿਚ ਹੋਇਆ। 

ਬੰਨੂ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਯਾਸਿਰ ਅਫਰੀਦੀ ਦੇ ਮੁਤਾਬਕ ਪਹਿਲਾ ਧਮਾਕਾ ਸੜਕ ਕਿਨਾਰੇ ਲਗਾਏ ਗਏ ਇਕ ਆਈਈਡੀ ਵਿਚ ਹੋਇਆ ਤੇ  ਇਸ ਦੀ ਲਪੇਟ ਵਿਚ ਆਉਣ ਕਾਰਨ ਪੰਜ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਕੁਝ ਹੀ ਦੇਰ ਬਾਅਦ ਉਸੇ ਥਾਂ ਉੱਤੇ ਦੂਜਾ ਧਮਾਕਾ ਹੋਇਆ, ਜਿਸ ਦੌਰਾਨ ਬਚਾਅ ਵਿਚ ਲੱਗੇ ਲੋਕ ਇਸ ਦਾ ਸ਼ਿਕਾਰ ਹੋ ਗਏ। ਦੂਜੇ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਾਹਨ ਨੁਕਸਾਨਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਵੈਨ ਹਥੀ ਖੇਲ ਪਿੰਡ ਤੋਂ ਬੰਨੂ ਵੱਲ ਜਾ ਰਹੀ ਸੀ, ਇਸੇ ਦੌਰਾਨ ਧਮਾਕੇ ਦੀ ਲਪੇਟ ਵਿਚ ਆ ਗਈ। ਸੁਰੱਖਿਆ ਬਲਾਂ ਨੇ  ਇਲਾਕੇ ਦੀ ਘੇਰਾਬੰਦੀ ਕਰ ਲਈ ਤੇ ਧਮਾਕੇ ਵਾਲੀ ਥਾਂ ਤੋਂ ਸਬੂਤ ਇਕੱਠੇ ਕਰ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 

ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਤੇ ਪੁਲਸ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਪੂਰੀ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਧਮਾਕਿਆਂ ਨੂੰ ਬੇਹੱਦ ਦੁਖਦ ਤੇ ਦਿਲ ਦਹਿਲਾ ਦੇਣ ਵਾਲਾ ਦੱਸਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਹਮਦਰਦੀ ਵਿਅਕਤ ਕੀਤੀ ਹੈ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਔਖੇ ਵੇਲੇ ਸਰਕਾਰ ਉਨ੍ਹਾਂ ਦੀ ਹਰ ਮਦਦ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News