ਰੂਸੀ ਹਮਲਿਆਂ ਨੇ ਯੂਕਰੇਨ ''ਚ ਮਚਾਈ ਤਬਾਹੀ, 11 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
Monday, Jun 15, 2026 - 07:39 PM (IST)
ਕੀਵ (ਏਪੀ) : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਦੱਸਿਆ ਕਿ ਰੂਸ ਨੇ ਯੂਕਰੇਨ ਦੇ ਪ੍ਰਮੁੱਖ ਸ਼ਹਿਰਾਂ 'ਤੇ ਰਾਤ ਭਰ ਸੈਂਕੜੇ ਡਰੋਨਾਂ ਅਤੇ ਦਰਜਨਾਂ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ ਇੱਕ ਮਸ਼ਹੂਰ ਧਾਰਮਿਕ ਸਥਾਨ ਵੀ ਨੁਕਸਾਨਿਆ ਗਿਆ। ਰਾਜਧਾਨੀ ਕੀਵ ਅਤੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਵੱਖ-ਵੱਖ ਗੱਲਬਾਤ ਕੀਤੀ ਸੀ।
ਯੂਕਰੇਨ ਯੁੱਧ 'ਤੇ ਮੰਗਲਵਾਰ ਨੂੰ ਫਰਾਂਸ ਵਿੱਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਵਿੱਚ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਸੰਮੇਲਨ ਵਿੱਚ ਜ਼ੇਲੇਂਸਕੀ ਅਤੇ ਟਰੰਪ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜ਼ੇਲੇਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਰੂਸ ਇਸ ਤਰ੍ਹਾਂ ਦੁਨੀਆ ਨੂੰ ਯੁੱਧ ਜਾਰੀ ਰੱਖਣ ਦਾ ਆਪਣਾ ਇਰਾਦਾ ਦਿਖਾ ਰਿਹਾ ਹੈ।'' ਉਨ੍ਹਾਂ ਕਿਹਾ, ''ਇਹ ਬਹੁਤ ਜ਼ਰੂਰੀ ਹੈ ਕਿ ਜੀ-7 ਦੇਸ਼ ਇਸ 'ਤੇ ਪ੍ਰਤੀਕਿਰਿਆ ਦੇਣ ਅਤੇ ਇਹ ਪ੍ਰਤੀਕਿਰਿਆ ਠੋਸ ਤੇ ਨਿਰਣਾਇਕ ਹੋਵੇ। ਹਮਲਾਵਰ ਦੇਸ਼ 'ਤੇ ਵਧੇਰੇ ਦਬਾਅ ਪਾਇਆ ਜਾਵੇ ਅਤੇ ਯੂਕਰੇਨ ਦੀ ਹਵਾਈ ਰੱਖਿਆ, ਖਾਸ ਤੌਰ 'ਤੇ ਬੈਲਿਸਟਿਕ ਮਿਜ਼ਾਈਲ ਵਿਰੋਧੀ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨ 'ਚ ਮਦਦ ਦਿੱਤੀ ਜਾਵੇ।''
ਕੀਵ 'ਚ ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਹਮਲਿਆਂ ਵਿੱਚ ਪੂਰੇ ਯੂਕਰੇਨ ਵਿੱਚ 11 ਨਾਗਰਿਕਾਂ ਅਤੇ ਐਮਰਜੈਂਸੀ ਸੇਵਾ ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂ ਕਿ 53 ਹੋਰ ਜ਼ਖ਼ਮੀ ਹੋਏ ਹਨ। ਕੀਵ ਦੇ ਮੇਅਰ ਵਿਤਾਲੀ ਕਲਿਤਸਕੋ ਨੇ ਦੱਸਿਆ ਕਿ ਰਾਜਧਾਨੀ ਵਿੱਚ ਪੰਜ ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ, ਸ਼ਹਿਰ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਤਿਮੂਰ ਤਕਾਚੈਂਕੋ ਅਨੁਸਾਰ ਘੱਟੋ-ਘੱਟ 30 ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਪੰਜ ਅਤੇ ਛੇ ਸਾਲ ਦੀ ਉਮਰ ਦੇ ਦੋ ਬੱਚੇ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
