ਅਫਗਾਨਿਸਤਾਨ ''ਚ ਕੁਦਰਤ ਦਾ ਕਹਿਰ! ਹੜ੍ਹਾਂ ਤੇ ਮੀਂਹ ਕਾਰਨ 110 ਦੀ ਮੌਤ, 73 ਹਜ਼ਾਰ ਤੋਂ ਵਧੇਰੇ ਪ੍ਰਭਾਵਿਤ

Friday, Apr 10, 2026 - 02:48 PM (IST)

ਅਫਗਾਨਿਸਤਾਨ ''ਚ ਕੁਦਰਤ ਦਾ ਕਹਿਰ! ਹੜ੍ਹਾਂ ਤੇ ਮੀਂਹ ਕਾਰਨ 110 ਦੀ ਮੌਤ, 73 ਹਜ਼ਾਰ ਤੋਂ ਵਧੇਰੇ ਪ੍ਰਭਾਵਿਤ

ਕਾਬੁਲ : ਅਫਗਾਨਿਸਤਾਨ 'ਚ ਪਿਛਲੇ ਦੋ ਹਫ਼ਤਿਆਂ ਤੋਂ ਪੈ ਰਹੇ ਭਾਰੀ ਮੌਸਮੀ ਮੀਂਹ ਤੇ ਉਸ ਤੋਂ ਬਾਅਦ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, 26 ਮਾਰਚ ਤੋਂ 6 ਅਪ੍ਰੈਲ ਦਰਮਿਆਨ ਆਈ ਇਸ ਕੁਦਰਤੀ ਆਫ਼ਤ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਸੈਂਕੜੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਨਾਲ 73,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਜਾਨੀ ਨੁਕਸਾਨ ਅਤੇ ਲਾਪਤਾ ਲੋਕ
ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਪਿਛਲੇ 12 ਦਿਨਾਂ 'ਚ ਭਾਰੀ ਮੀਂਹ, ਹੜ੍ਹਾਂ, ਜ਼ਮੀਨ ਖਿਸਕਣ ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 110 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 160 ਹੋਰ ਜ਼ਖਮੀ ਹੋਏ ਹਨ। ਸੱਤ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਖੋਸਤ ਸੂਬੇ 'ਚ ਇੱਕ ਕੰਧ ਡਿੱਗਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ ਨੰਗਰਹਾਰ ਸੂਬੇ 'ਚ ਛੱਤਾਂ ਡਿੱਗਣ ਕਾਰਨ 10 ਲੋਕਾਂ ਦੀ ਜਾਨ ਚਲੀ ਗਈ।

ਮਾਲੀ ਤੇ ਖੇਤੀਬਾੜੀ ਦਾ ਵੱਡਾ ਨੁਕਸਾਨ
ਹੜ੍ਹਾਂ ਕਾਰਨ ਰਿਹਾਇਸ਼ੀ ਇਮਾਰਤਾਂ ਅਤੇ ਖੇਤੀਬਾੜੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਲਗਭਗ 958 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ 4,155 ਘਰਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ। 15,500 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਬਰਬਾਦ ਹੋ ਗਈ ਹੈ ਤੇ 500 ਤੋਂ ਵੱਧ ਪਸ਼ੂ ਮਾਰੇ ਗਏ ਹਨ, ਜਿਸ ਨਾਲ ਖੇਤਰ 'ਚ ਭੋਜਨ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। 325 ਕਿਲੋਮੀਟਰ ਤੋਂ ਵੱਧ ਸੜਕਾਂ, ਵਪਾਰਕ ਅਦਾਰੇ, ਸਿੰਚਾਈ ਨਹਿਰਾਂ ਅਤੇ ਪੀਣ ਵਾਲੇ ਪਾਣੀ ਦੇ ਖੂਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਹਾਲਾਤ ਹੋਰ ਵਿਗੜਨ ਦਾ ਖਦਸ਼ਾ
ਸਥਾਨਕ ਅਧਿਕਾਰੀਆਂ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਅਤੇ ਤਬਾਹੀ ਦੇ ਹੋਰ ਫੈਲਣ ਦਾ ਡਰ ਬਣਿਆ ਹੋਇਆ ਹੈ। ਪ੍ਰਭਾਵਿਤ ਖੇਤਰਾਂ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ ਤੁਰੰਤ ਰਿਹਾਇਸ਼ ਅਤੇ ਸਹਾਇਤਾ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News