ਆਖਰੀ ਉਮੀਦ ਵੀ ਖਤਮ, ਹੋਰਮੁਜ਼ ਜਲਡਮਰੂ ਖੋਲ੍ਹਣ ਦੇ ਪ੍ਰਸਤਾਵ ''ਤੇ ਰੂਸ ਤੇ ਚੀਨ ਨੇ ਵਰਤੀ ''VETO''
Tuesday, Apr 07, 2026 - 10:38 PM (IST)
ਨਿਊਯਾਰਕ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਹੋਰਮੁਜ਼ ਜਲਡਮਰੂ (Strait of Hormuz) ਨੂੰ ਖੋਲ੍ਹਣ ਲਈ ਲਿਆਂਦਾ ਗਿਆ ਅਹਿਮ ਪ੍ਰਸਤਾਵ ਰੂਸ ਅਤੇ ਚੀਨ ਵੱਲੋਂ ਵੀਟੋ ਕੀਤੇ ਜਾਣ ਕਾਰਨ ਅਸਫਲ ਹੋ ਗਿਆ ਹੈ। ਇਹ ਵੋਟਿੰਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਦਿੱਤੀ ਗਈ ਰਾਤ 8 ਵਜੇ (ਅਮਰੀਕੀ ਸਮਾਂ) ਦੀ ਸਮਾਂ ਸੀਮਾ (Deadline) ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਹੋਈ, ਜਿਸ ਨਾਲ ਖੇਤਰ ਵਿੱਚ ਸ਼ਾਂਤੀ ਦੀ ਆਖਰੀ ਉਮੀਦ ਵੀ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ।
ਰੂਸ ਤੇ ਚੀਨ ਨੇ ਪਾਇਆ ਅੜਿੱਕਾ
ਬਹਿਰੀਨ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦੇ ਹੱਕ ਵਿੱਚ 11 ਵੋਟਾਂ ਪਈਆਂ, ਜਦੋਂ ਕਿ ਪਾਕਿਸਤਾਨ ਅਤੇ ਕੋਲੰਬੀਆ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਰੂਸ ਅਤੇ ਚੀਨ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਦਿਆਂ ਇਸ ਨੂੰ ਰੋਕ ਦਿੱਤਾ। ਦੋਵੇਂ ਦੇਸ਼ ਹੋਰਮੁਜ਼ ਨੂੰ ਖੋਲ੍ਹਣ ਲਈ ਕਿਸੇ ਵੀ ਤਰ੍ਹਾਂ ਦੇ ਬਲ ਪ੍ਰਯੋਗ ਜਾਂ ਫੌਜੀ ਕਾਰਵਾਈ ਦੇ ਖਿਲਾਫ ਹਨ।
ਟਰੰਪ ਦੀ ਸਖ਼ਤ ਚੇਤਾਵਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਹੈ ਕਿ ਜੇਕਰ ਈਰਾਨ ਇਸ ਰਣਨੀਤਕ ਜਲ ਮਾਰਗ ਨੂੰ ਨਹੀਂ ਖੋਲ੍ਹਦਾ, ਤਾਂ ਉਸ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਈਰਾਨ ਦੇ ਬਿਜਲੀ ਪਲਾਂਟਾਂ ਅਤੇ ਪੁਲਾਂ 'ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ ਅਤੇ ਇੱਥੋਂ ਤੱਕ ਕਿਹਾ ਹੈ ਕਿ ਉਹ ਇਸ "ਸਭਿਅਤਾ ਨੂੰ ਹੀ ਮਿਟਾ ਦੇਣਗੇ"।
ਤੇਲ ਦੀਆਂ ਕੀਮਤਾਂ ਵਿੱਚ ਉਛਾਲ
ਦੱਸ ਦੇਈਏ ਕਿ ਦੁਨੀਆ ਦੇ ਤੇਲ ਦਾ ਲਗਭਗ ਪੰਜਵਾਂ ਹਿੱਸਾ ਇਸੇ ਰਸਤੇ ਰਾਹੀਂ ਗੁਜ਼ਰਦਾ ਹੈ। ਜੰਗ ਦੇ ਕਾਰਨ ਈਰਾਨ ਵੱਲੋਂ ਇਸ ਜਲ ਮਾਰਗ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਵਿਸ਼ਵ ਭਰ ਵਿੱਚ ਊਰਜਾ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਕੀ ਸੀ ਪ੍ਰਸਤਾਵ ਵਿੱਚ?
ਬਹਿਰੀਨ ਵੱਲੋਂ ਤਿਆਰ ਕੀਤੇ ਗਏ ਇਸ ਪ੍ਰਸਤਾਵ ਦੇ ਸ਼ੁਰੂਆਤੀ ਖਰੜੇ ਵਿੱਚ ਦੇਸ਼ਾਂ ਨੂੰ ਹੋਰਮੁਜ਼ ਵਿੱਚ ਆਵਾਜਾਈ ਯਕੀਨੀ ਬਣਾਉਣ ਲਈ 'ਸਾਰੇ ਜ਼ਰੂਰੀ ਉਪਾਅ' (ਜਿਸ ਵਿੱਚ ਫੌਜੀ ਕਾਰਵਾਈ ਵੀ ਸ਼ਾਮਲ ਹੁੰਦੀ ਹੈ) ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਹਾਲਾਂਕਿ, ਰੂਸ, ਚੀਨ ਅਤੇ ਫਰਾਂਸ ਦੇ ਵਿਰੋਧ ਤੋਂ ਬਾਅਦ ਇਸ ਵਿੱਚ ਸੋਧ ਕਰਕੇ ਸਿਰਫ "ਰੱਖਿਆਤਮਕ ਉਪਾਵਾਂ" ਦੀ ਗੱਲ ਕਹੀ ਗਈ ਸੀ, ਪਰ ਫਿਰ ਵੀ ਰੂਸ ਅਤੇ ਚੀਨ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।
ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਟਰੰਪ ਦੀ ਡੈੱਡਲਾਈਨ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇਸ ਤੋਂ ਬਾਅਦ ਖੇਤਰ ਵਿੱਚ ਵੱਡੀ ਜੰਗ ਛਿੜਨ ਦਾ ਖਤਰਾ ਪੈਦਾ ਹੋ ਗਿਆ ਹੈ।
