ਮਿਡਲ ਈਸਟ ਸੰਕਟ : ਮਿਜ਼ਾਈਲਾਂ ਦੀ ਗੂੰਜ ਦੇ ਵਿਚਾਲੇ ਸ਼ਾਂਤੀ ਦੀ ਕੋਸ਼ਿਸ਼, ਜੰਗ ਦਾ ਖ਼ਤਰਾ ਬਰਕਰਾਰ
Friday, Apr 10, 2026 - 07:27 AM (IST)
ਨਵੀਂ ਦਿੱਲੀ (ਇੰਟ.) - ਭਾਵੇਂ ਹੀ ਮਿਡਲ ਈਸਟ ਵਿਚ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਹੋਏ ਭਿਆਨਕ ਹਮਲਿਆਂ, ਮਿਜ਼ਾਈਲਾਂ ਦੀ ਗੂੰਜ ਅਤੇ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ’ਤੇ ਸਹਿਮਤੀ ਬਣ ਗਈ ਹੈ ਪਰ ਹਾਲਾਤ ਅਜੇ ਵੀ ਬੇਹੱਦ ਨਾਜ਼ੁਕ ਬਣੇ ਹੋਏ ਹਨ। ਅਲਜ਼ਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਖਾੜੀ ਸਹਿਯੋਗ ਕੌਂਸਲ (ਜੀ.ਸੀ.ਸੀ.) ਦੇ ਸਾਰੇ 6 ਦੇਸ਼ਾਂ ਸਾਊਦੀ ਅਰਬ, ਯੂ.ਏ.ਈ., ਕਤਰ, ਕੁਵੈਤ, ਬਹਿਰੀਨ ਅਤੇ ਓਮਾਨ ਨੇ ਜੰਗਬੰਦੀ ਦਾ ਸੁਆਗਤ ਤਾਂ ਕੀਤਾ ਪਰ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਹੋਰਮੁਜ਼ ’ਤੇ ਕਿਸੇ ਇਕ ਦੇਸ਼ ਦਾ ਕੰਟਰੋਲ ਮਨਜ਼ੂਰ ਨਹੀਂ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਈਰਾਨ ਨੂੰ ਇਸ ਜਲਮਾਰਗ ’ਤੇ ਰਣਨੀਤਕ ਲੀਡ ਮਿਲਦੀ ਹੈ, ਤਾਂ ਖਾੜੀ ਦੇਸ਼ਾਂ ਨੂੰ ਲਗਾਤਾਰ ਆਰਥਿਕ ਦਬਾਅ ਅਤੇ ਬਲੈਕਮੇਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੰਗਬੰਦੀ ਦੇ ਬਾਵਜੂਦ ਹਮਲੇ
ਖਾੜੀ ਦੇਸ਼ਾਂ ਨੇ ਸਮੂਹਿਕ ਤੌਰ ’ਤੇ ਸੁੱਖ ਦਾ ਸਾਹ ਲਿਆ ਕਿਉਂਕਿ ਪਿਛਲੇ ਇਕ ਮਹੀਨੇ ਵਿਚ ਇਹ ਖੇਤਰ ਲੱਗਭਗ ਜੰਗ ਦੇ ਕੰਢੇ ’ਤੇ ਪਹੁੰਚ ਚੁੱਕਾ ਸੀ। ਤੇਲ ਦੀ ਸਪਲਾਈ, ਵਪਾਰ ਅਤੇ ਸੁਰੱਖਿਆ ਤਿੰਨਾਂ ’ਤੇ ਖ਼ਤਰਾ ਮੰਡਰਾਅ ਰਿਹਾ ਸੀ। ਹਾਲਾਂਕਿ, ਇਸੇ ਦੌਰਾਨ ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਜੰਗਬੰਦੀ ਦੇ ਐਲਾਨ ਤੋਂ ਬਾਅਦ ਵੀ ਈਰਾਨ ਨੇ ਯੂ.ਏ.ਈ., ਕਤਰ, ਕੁਵੈਤ ਅਤੇ ਸਾਊਦੀ ਅਰਬ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ।
‘ਤੇਲ ਲਾਈਫਲਾਈਨ’ ’ਤੇ ਸਿਆਸੀ ਜੰਗ
ਜੰਗਬੰਦੀ ਤੋਂ ਠੀਕ ਪਹਿਲਾਂ ਹਾਲਾਤ ਬੇਹੱਦ ਤਣਾਅਪੂਰਨ ਸਨ। ਡੋਨਾਲਡ ਟਰੰਪ ਨੇ ਈਰਾਨ ਨੂੰ “ਪੂਰੀ ਸੱਭਿਅਤਾ ਮਿਟਾਉਣ” ਦੀ ਖੁੱਲ੍ਹੀ ਚਿਤਾਵਨੀ ਦਿੱਤੀ, ਉੱਥੇ ਹੀ ਤਹਿਰਾਨ ਨੇ ਵੀ ਖਾੜੀ ਦੇਸ਼ਾਂ ਸਮੇਤ ਪੂਰੇ ਖੇਤਰ ਵਿਚ ਹਮਲੇ ਤੇਜ਼ ਕਰਨ ਦਾ ਸੰਕੇਤ ਦਿੱਤਾ। ਸਭ ਤੋਂ ਨਾਟਕੀ ਮੋੜ ਉਦੋਂ ਆਇਆ ਜਦੋਂ ਟਰੰਪ ਵੱਲੋਂ ਤੈਅ ਸਮਾਂ-ਹੱਦ ਖ਼ਤਮ ਹੋਣ ਤੋਂ ਸਿਰਫ 90 ਮਿੰਟ ਪਹਿਲਾਂ ਅਮਰੀਕਾ ਨੇ ਹਮਲੇ ਰੋਕਣ ਦਾ ਐਲਾਨ ਕਰ ਦਿੱਤਾ। ਸ਼ਰਤ ਸਾਫ਼ ਸੀ ਕਿ ਹੋਰਮੁਜ਼ ਨੂੰ ਤੁਰੰਤ ਖੋਲ੍ਹਿਆ ਜਾਵੇ।
ਈਰਾਨ ਦੇ ਮੁਤਾਬਕ ਹੋਵੇਗੀ ਜਹਾਜ਼ਾਂ ਦੀ ਆਵਾਜਾਈ
ਸਟ੍ਰੇਟ ਆਫ ਹੋਰਮੁਜ਼ ਇਸ ਪੂਰੇ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਹੈ। ਇੱਥੋਂ ਦੁਨੀਆ ਦਾ ਲੱਗਭਗ 20 ਫੀਸਦੀ ਤੇਲ ਅਤੇ ਤਰਲ ਗੈਸ ਲੰਘਦੀ ਹੈ। ਫਰਵਰੀ ਦੇ ਅੰਤ ਤੋਂ ਸ਼ੁਰੂ ਹੋਏ ਅਮਰੀਕਾ-ਇਜ਼ਰਾਈਲ ਹਮਲਿਆਂ ਦੇ ਜਵਾਬ ਵਿਚ ਈਰਾਨ ਨੇ ਇਸ ਅਹਿਮ ਸਮੁੰਦਰੀ ਮਾਰਗ ਨੂੰ ਲੱਗਭਗ ਬੰਦ ਕਰ ਦਿੱਤਾ ਸੀ, ਜਿਸ ਨਾਲ ਵਿਸ਼ਵ ਬਾਜ਼ਾਰ ਵਿਚ ਹੜਕੰਪ ਮਚ ਗਿਆ। ਹੁਣ ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਅਗਲੇ ਦੋ ਹਫ਼ਤਿਆਂ ਵਿਚ ਜਹਾਜ਼ਾਂ ਦੀ ਆਵਾਜਾਈ ਉਸ ਦੀ ਫ਼ੌਜ ਦੇ ‘ਤਾਲਮੇਲ’ ਨਾਲ ਹੀ ਸੰਭਵ ਹੋਵੇਗੀ। ਇਹੀ ਸ਼ਰਤ ਖਾੜੀ ਦੇਸ਼ਾਂ ਲਈ ਸਭ ਤੋਂ ਵੱਡੀ ਚਿੰਤਾ ਬਣ ਗਈ ਹੈ।
ਈਰਾਨ ਦਾ 10 ਨੁਕਾਤੀ ਪਲਾਨ ਅਤੇ ਟਰੰਪ ਦੀ ਪ੍ਰਤੀਕਿਰਿਆ
ਈਰਾਨ ਨੇ ਇਕ 10 ਨੁਕਾਤੀ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨੂੰ ਟਰੰਪ ਨੇ ਗੱਲਬਾਤ ਲਈ ਇਕ ਵਿਹਾਰਕ ਆਧਾਰ ਦੱਸਿਆ ਹੈ। ਰਿਪੋਰਟਾਂ ਮੁਤਾਬਕ ਇਸ ਪ੍ਰਸਤਾਵ ਵਿਚ ਹੋਰਮੁਜ਼ ’ਤੇ ਈਰਾਨ ਦੇ ਕੰਟਰੋਲ ਨੂੰ ਬਣਾਈ ਰੱਖਣ ਦੀ ਗੱਲ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਟਰੰਪ ਨੇ ਇਕ ਹੈਰਾਨ ਕਰਨ ਵਾਲਾ ਸੁਝਾਅ ਵੀ ਦਿੱਤਾ ਕਿ ਅਮਰੀਕਾ ਅਤੇ ਈਰਾਨ ਮਿਲ ਕੇ ਹੋਰਮੁਜ਼ ਵਿਚ ‘ਟੋਲ ਸਿਸਟਮ’ ਲਾਗੂ ਕਰ ਸਕਦੇ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਬਾਅਦ ਵਿਚ ਸਪੱਸ਼ਟ ਕੀਤਾ ਕਿ ਫਿਲਹਾਲ ਤਰਜੀਹ ਬਿਨਾਂ ਕਿਸੇ ਸ਼ਰਤ ਦੇ ਜਲਮਾਰਗ ਨੂੰ ਖੋਲ੍ਹਣਾ ਹੈ।
ਕੀ ਇਸਲਾਮਾਬਾਦ ਵਿਚ ਵਾਰਤਾ ਹੋਵੇਗੀ ਸਫਲ?
ਹੁਣ ਦੋਵਾਂ ਦੇਸ਼ਾਂ ਵਿਚਾਲੇ ਵਾਰਤਾ ਇਸਲਾਮਾਬਾਦ ਵਿਚ ਹੋਣ ਜਾ ਰਹੀ ਹੈ। ਇਹ ਬੈਠਕ ਇਸ ਸੰਘਰਸ਼ ਦੀ ਦਿਸ਼ਾ ਤੈਅ ਕਰ ਸਕਦੀ ਹੈ। ਹਾਲਾਂਕਿ ਸਭ ਤੋਂ ਵੱਡਾ ਵਿਵਾਦ ਹਾਲੇ ਵੀ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਹੈ। ਅਮਰੀਕਾ ਜਿੱਥੇ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਹੈ, ਉੱਥੇ ਹੀ ਈਰਾਨ ਸਿਰਫ ਇਸ ਨੂੰ ਸੀਮਤ ਕਰਨ ਲਈ ਤਿਆਰ ਹੈ, ਖ਼ਤਮ ਕਰਨ ਲਈ ਨਹੀਂ।
ਜੰਗਬੰਦੀ ਤੋਂ ਬਾਅਦ ਵੀ ਹਮਲੇ, ਖ਼ਤਰੇ ਦੇ ਸੰਕੇਤ
ਅਮਰੀਕਾ ਨੇ ਦਾਅਵਾ ਕੀਤਾ ਕਿ ਉਸ ਨੇ ਈਰਾਨ ਦੀ 90 ਫ਼ੀਸਦੀ ਫ਼ੌਜੀ ਸਮਰੱਥਾ ਤਬਾਹ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਈਰਾਨ ਨੇ ਸਟੀਕ ਹਮਲੇ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਉਸ ਦੀ ਤਾਕਤ ਅਜੇ ਵੀ ਖ਼ਤਮ ਨਹੀਂ ਹੋਈ ਹੈ। ਖਾੜੀ ਦੇਸ਼ਾਂ ਦੀ ਚਿੰਤਾ ਸੰਯੁਕਤ ਰਾਸ਼ਟਰ ਤੱਕ ਪਹੁੰਚ ਗਈ। ਬਹਿਰੀਨ ਵੱਲੋਂ ਪੇਸ਼ ਪ੍ਰਸਤਾਵ ਵਿਚ ਜਲਮਾਰਗ ਨੂੰ ਖੁੱਲ੍ਹਾ ਰੱਖਣ ਲਈ ਇਕ ਅੰਤਰਰਾਸ਼ਟਰੀ ਮਿਸ਼ਨ ਦੀ ਮੰਗ ਕੀਤੀ ਗਈ, ਜਿਸ ਨੂੰ ਕਤਰ, ਯੂ.ਏ.ਈ., ਸਾਊਦੀ ਅਰਬ, ਕੁਵੈਤ ਅਤੇ ਜਾਰਡਨ ਦਾ ਸਮਰਥਨ ਮਿਲਿਆ ਪਰ ਰੂਸ ਅਤੇ ਚੀਨ ਨੇ ਇਸ ਪ੍ਰਸਤਾਵ ਨੂੰ ‘ਵੀਟੋ’ ਕਰ ਦਿੱਤਾ, ਜਿਸ ਨਾਲ ਵਿਸ਼ਵ ਪੱਧਰ ’ਤੇ ਵੀ ਮੱਤਭੇਦ ਸਾਫ਼ ਨਜ਼ਰ ਆਏ।
ਖਾੜੀ ਦੇਸ਼ਾਂ ਦੀ ਵੀ ਜੰਗ ਦੀ ਸਖ਼ਤ ਚਿਤਾਵਨੀ
ਖਾੜੀ ਦੇਸ਼ਾਂ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਜੇ ਈਰਾਨ ਨੇ ਹਮਲਾਵਰ ਰੁਖ਼ ਜਾਰੀ ਰੱਖਿਆ, ਤਾਂ ਉਹ ਕੋਈ ਕਸਰ ਨਹੀਂ ਛੱਡਣਗੇ। ਹਾਲਾਂਕਿ ਹੁਣ ਤੱਕ ਉਨ੍ਹਾਂ ਨੇ ਸਿੱਧੀ ਜੰਗ ਵਿਚ ਉਤਰਨ ਤੋਂ ਬਚਾਅ ਕੀਤਾ ਹੈ ਪਰ ਲਗਾਤਾਰ ਹੋ ਰਹੇ ਹਮਲਿਆਂ ਅਤੇ ਵੱਧਦੀਆਂ ਧਮਕੀਆਂ ਦੇ ਵਿਚਕਾਰ ਉਨ੍ਹਾਂ ਦਾ ਸਬਰ ਜਵਾਬ ਦੇ ਸਕਦਾ ਹੈ। ਮਾਹਿਰ ਮੰਨਦੇ ਹਨ ਕਿ ਇਹ ਜੰਗਬੰਦੀ ਸਿਰਫ਼ ਇਕ ਆਰਜ਼ੀ ਠਹਿਰਾਅ ਹੈ। ਜੇ ਸਥਾਈ ਸਮਝੌਤਾ ਨਾ ਹੋਇਆ, ਤਾਂ ਭਵਿੱਖ ਵਿਚ ਹੋਰ ਵੱਡਾ ਸੰਘਰਸ਼ ਹੋ ਸਕਦਾ ਹੈ।
ਕੀ ਨਿਕਲੇਗਾ ਸਥਾਈ ਹੱਲ
ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਅਮਰੀਕਾ ਅਤੇ ਈਰਾਨ ਕੋਈ ਸਥਾਈ ਹੱਲ ਕੱਢ ਸਕਣਗੇ, ਜਾਂ ਫਿਰ ਹੋਰਮੁਜ਼ ਅਤੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਇਹ ਟਕਰਾਅ ਇਕ ਨਵੇਂ ਅਤੇ ਜ਼ਿਆਦਾ ਖ਼ਤਰਨਾਕ ਜੰਗ ਦਾ ਰੂਪ ਲੈ ਲਵੇਗਾ? ਫਿਲਹਾਲ ਖਾੜੀ ਖੇਤਰ ਵਿਚ ਸ਼ਾਂਤੀ ਹੈ ਪਰ ਇਹ ਸ਼ਾਂਤੀ ਕਿੰਨੀ ਲੰਬੀ ਚੱਲੇਗੀ, ਇਹੀ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ।
