Middle East ਜੰਗ ''ਚ ਰੂਸ ਦੀ ਐਂਟਰੀ! ਪੁਤਿਨ ਨੇ ਕੀਤੀ ਈਰਾਨੀ ਰਾਸ਼ਟਰਪਤੀ ਨਾਲ ਫੋਨ ''ਤੇ ਗੱਲ
Sunday, Apr 12, 2026 - 08:36 PM (IST)
ਮਾਸਕੋ/ਤੇਹਰਾਨ: ਮਿਡਲ ਈਸਟ 'ਚ ਜਾਰੀ ਜੰਗ ਦਰਮਿਆਨ ਇੱਕ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਅਮਰੀਕਾ ਤੇ ਈਰਾਨ ਵਿਚਾਲੇ ਹੋਈ ਗੱਲਬਾਤ ਦੇ ਅਸਫਲ ਰਹਿਣ ਤੋਂ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਜੰਗ ਨੂੰ ਰੋਕਣ ਲਈ ਸਰਗਰਮੀ ਦਿਖਾਈ ਹੈ। ਪੁਤਿਨ ਨੇ ਅਮਰੀਕਾ ਅਤੇ ਈਰਾਨ ਵਿਚਾਲੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਖੇਤਰ 'ਚ ਵਧ ਰਹੇ ਤਣਾਅ ਨੂੰ ਘੱਟ ਕੀਤਾ ਜਾ ਸਕੇ।
ਪੁਤਿਨ ਨੇ ਈਰਾਨੀ ਰਾਸ਼ਟਰਪਤੀ ਨਾਲ ਕੀਤੀ ਫੋਨ 'ਤੇ ਗੱਲਬਾਤ
ਰੂਸੀ ਰਾਸ਼ਟਰਪਤੀ ਪੁਤਿਨ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਪੁਤਿਨ ਨੇ ਸਪੱਸ਼ਟ ਕੀਤਾ ਕਿ ਰੂਸ ਇਸ ਪੂਰੇ ਇਲਾਕੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਯਤਨਾਂ 'ਚ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਕ੍ਰੇਮਲਿਨ ਅਨੁਸਾਰ, ਰੂਸ ਚਾਹੁੰਦਾ ਹੈ ਕਿ ਗੱਲਬਾਤ ਰਾਹੀਂ ਇਸ ਸੰਕਟ ਦਾ ਹੱਲ ਕੱਢਿਆ ਜਾਵੇ ਅਤੇ ਪੂਰੇ ਖੇਤਰ ਵਿੱਚ ਸਥਿਰਤਾ ਆਵੇ।
ਇਸਲਾਮਾਬਾਦ ਵਾਰਤਾ ਰਹੀ ਨਾਕਾਮ
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਸ਼ੁਰੂ ਹੋਈ ਜੰਗ ਹੁਣ ਨਾਜ਼ੁਕ ਮੋੜ 'ਤੇ ਹੈ। ਹਾਲਾਂਕਿ ਦੋ ਹਫ਼ਤਿਆਂ ਲਈ ਸੀਜ਼ਫਾਇਰ (ਜੰਗਬੰਦੀ) ਹੋਈ ਹੈ, ਪਰ ਇਸ ਨੂੰ ਟਿਕਾਊ ਬਣਾਉਣ ਲਈ ਇਸਲਾਮਾਬਾਦ ਵਿੱਚ ਹੋਈ ਬੈਠਕ ਬੇਸਿੱਟਾ ਰਹੀ। ਸਾਲ 1979 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਅਮਰੀਕਾ ਅਤੇ ਈਰਾਨ ਦੇ ਪ੍ਰਤੀਨਿਧੀ ਇੱਕ ਮੇਜ਼ 'ਤੇ ਬੈਠੇ ਸਨ, ਪਰ ਅਵਿਸ਼ਵਾਸ ਕਾਰਨ ਕੋਈ ਸਿੱਟਾ ਨਹੀਂ ਨਿਕਲ ਸਕਿਆ।
ਈਰਾਨ ਨੂੰ ਅਮਰੀਕਾ 'ਤੇ ਭਰੋਸਾ ਨਹੀਂ
ਦੂਜੇ ਪਾਸੇ, ਈਰਾਨ ਵੱਲੋਂ ਅਮਰੀਕਾ ਪ੍ਰਤੀ ਭਰੋਸੇ ਦੀ ਕਮੀ ਸਾਫ਼ ਦਿਖਾਈ ਦੇ ਰਹੀ ਹੈ। ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਨੇ ਕਿਹਾ ਕਿ ਅਮਰੀਕਾ ਹੁਣ ਤੱਕ ਤੇਹਰਾਨ ਦਾ ਭਰੋਸਾ ਜਿੱਤਣ ਵਿੱਚ ਨਾਕਾਮ ਰਿਹਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਪਾਇਆ ਜਾ ਰਿਹਾ ਅਵਿਸ਼ਵਾਸ ਕਿਸੇ ਵੀ ਸਮਝੌਤੇ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ।
ਜੰਗ ਕਾਰਨ ਇਜ਼ਰਾਈਲ 'ਤੇ ਵਧਿਆ ਆਰਥਿਕ ਬੋਝ
ਇਸ ਜੰਗ ਕਾਰਨ ਇਜ਼ਰਾਈਲ ਨੂੰ ਵੀ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਸ ਜੰਗ ਕਾਰਨ ਇਜ਼ਰਾਈਲ ਦੇ ਰੱਖਿਆ ਬਜਟ ਵਿੱਚ 11.5 ਅਰਬ ਡਾਲਰ ਦਾ ਵਾਧੂ ਖਰਚਾ ਵਧ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਤਿਨ ਦੀ ਇਹ ਪਹਿਲ ਰੰਗ ਲਿਆਉਂਦੀ ਹੈ ਜਾਂ ਫਿਰ ਡੋਨਾਲਡ ਟਰੰਪ ਦੀਆਂ ਧਮਕੀਆਂ ਦਰਮਿਆਨ ਇਹ ਤਣਾਅ ਹੋਰ ਵਧੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
