ਰੂਸ ਦਾ ਯੂਕ੍ਰੇਨ ''ਤੇ ਤਾਜ਼ਾ ਹਮਲਾ, ਦਾਗੇ 188 ਡਰੋਨ

Tuesday, Nov 26, 2024 - 05:21 PM (IST)

ਰੂਸ ਦਾ ਯੂਕ੍ਰੇਨ ''ਤੇ ਤਾਜ਼ਾ ਹਮਲਾ, ਦਾਗੇ 188 ਡਰੋਨ

ਕੀਵ (ਪੋਸਟ ਬਿਊਰੋ)- ਰੂਸ ਨੇ ਯੂਕ੍ਰੇਨ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਰਾਤ ਭਰ ਦੇ ਹਮਲਿਆਂ ਵਿੱਚ 188 ਡਰੋਨ ਦਾਗੇ। ਯੂਕ੍ਰੇਨ ਦੀ ਹਵਾਈ ਸੈਨਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਵਾਈ ਸੈਨਾ ਨੇ ਕਿਹਾ ਕਿ ਇੱਕ ਹਮਲੇ ਵਿੱਚ ਰਿਕਾਰਡ ਗਿਣਤੀ ਵਿੱਚ ਡਰੋਨਾਂ ਦੀ ਵਰਤੋਂ ਕੀਤੀ ਗਈ। ਹਵਾਈ ਸੈਨਾ ਅਨੁਸਾਰ ਜ਼ਿਆਦਾਤਰ ਡਰੋਨ ਤਬਾਹ ਕਰ ਦਿੱਤੇ ਗਏ ਪਰ ਹਮਲੇ ਨੇ ਅਪਾਰਟਮੈਂਟ ਬਿਲਡਿੰਗਾਂ ਅਤੇ ਰਾਸ਼ਟਰੀ ਪਾਵਰ ਗਰਿੱਡ ਵਰਗੇ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ। ਇਨ੍ਹਾਂ ਹਮਲਿਆਂ ਵਿੱਚ 17 ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਦੀ ਨਵੀਂ ਚਾਲ, ਰੂਸੀ ਫੌਜ 'ਚ ਯਮਨ ਦੇ ਸੈਂਕੜੇ ਨੌਜਵਾਨ ਭਰਤੀ!

ਰੂਸ ਇਸ ਸਾਲ ਦੇ ਮੱਧ ਤੋਂ ਯੂਕ੍ਰੇਨ ਦੇ ਨਾਗਰਿਕ ਖੇਤਰਾਂ 'ਤੇ ਡਰੋਨ, ਮਿਜ਼ਾਈਲਾਂ ਅਤੇ ਗਲਾਈਡ ਬੰਬਾਂ ਨਾਲ ਹਮਲਾ ਕਰ ਰਿਹਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਸੁਰੱਖਿਆ ਬਲਾਂ ਨੇ ਯੂਕ੍ਰੇਨ ਦੀ ਸਰਹੱਦ ਨੇੜੇ ਰੂਸੀ ਖੇਤਰਾਂ ਵਿੱਚ ਰਾਤੋ ਰਾਤ 39 ਯੂਕ੍ਰੇਨੀ ਡਰੋਨ ਤਬਾਹ ਕਰ ਦਿੱਤੇ। ਕੀਵ ਖੇਤਰ ਵਿੱਚ ਰਾਤ ਭਰ ਸੱਤ ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਰਹੀ। ਇਸ ਦੌਰਾਨ ਯੂਕ੍ਰੇਨ ਦੇ ਜਨਰਲ ਸਟਾਫ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਇਸ ਦੇ ਲਗਭਗ 1,000-ਕਿਲੋਮੀਟਰ (600-ਮੀਲ) ਮੋਰਚੇ 'ਤੇ ਲਗਭਗ ਅੱਧੀਆਂ ਝੜਪਾਂ ਡੋਨੇਟਸਕ ਖੇਤਰ ਦੇ ਪੋਕਰੋਵਸਕ ਅਤੇ ਕੁਰਖੋਵ ਨੇੜੇ ਹੋਈਆਂ। ਇਸ ਦੇ ਨਾਲ ਹੀ ਪੱਛਮੀ ਫੌਜੀ ਵਿਸ਼ਲੇਸ਼ਕਾਂ ਮੁਤਾਬਕ ਰੂਸੀ ਫੌਜ ਨੇ ਪਿਛਲੇ ਇਕ ਸਾਲ ਤੋਂ ਜੰਗ ਦੇ ਮੈਦਾਨ 'ਤੇ ਆਪਣਾ ਦਬਦਬਾ ਕਾਫੀ ਹੱਦ ਤੱਕ ਬਰਕਰਾਰ ਰੱਖਿਆ ਹੈ। ਰੂਸੀ ਫੌਜਾਂ ਪੂਰਬੀ ਡੋਨੇਟਸਕ ਖੇਤਰ ਵਿੱਚ ਜ਼ੋਰਦਾਰ ਮੁਕਾਬਲਾ ਕਰ ਰਹੀਆਂ ਹਨ, ਜਿੱਥੇ ਉਹ ਮਹੱਤਵਪੂਰਨ ਰਣਨੀਤਕ ਤਰੱਕੀ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਰੇਲਗੱਡੀ ਘੁੰਮਾਵੇਗੀ 13 ਦੇਸ਼, ਰੋਮਾਂਚ ਭਰਪੂਰ ਹੋਵੇਗਾ ਸਫਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News