ਸਿਡਨੀ ''ਚ ਗੱਭੂਰਆਂ ਨੇ ਭੰਗੜਾ ਪਾ ਕੇ ਮੋਹ ਲਿਆ ਸਾਰਿਆ ਦਾ ਦਿਲ, ਜਿੱਤਿਆ ਪਹਿਲਾ ਇਨਾਮ

09/28/2017 12:20:51 PM

ਸਿਡਨੀ, (ਬਿਊਰੋ)— ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੀ ਆਪਣੇ ਸੱਭਿਆਚਾਰ ਨਾਲ ਪਿਆਰ ਅਤੇ ਸਾਂਝ ਜੁੜੀ ਹੋਈ ਹੈ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ, ਫਿਰ ਚਾਹੇ ਉਹ ਖੇਡ ਹੋਵੇ ਜਾਂ ਨੱਚਣ-ਟੱਪਣ ਦੀ ਕਲਾ। ਸਿਡਨੀ ਦੇ ਵਲਗੂਲਗਾ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਰਹਿੰਦੇ ਕੁਝ ਨੌਜਵਾਨਾਂ ਨੇ ਭੰਗੜੇ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। 
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ 'ਰਿਦਮ ਆਫ ਭੰਗੜੇ' ਦੀ। ਵਲਗੂਲਗਾ ਵਿਖੇ ਹੋਏ ਭੰਗੜਾ ਮੁਕਾਬਲੇ ਵਿਚ 'ਰਿਦਮ ਆਫ ਭੰਗੜਾ' ਟੀਮ ਦੇ ਨੌਜਵਾਨਾਂ ਨੇ ਜਿੱਤ ਹਾਸਲ ਕੀਤੀ ਹੈ। 'ਰਿਦਮ ਆਫ ਭੰਗੜਾ' ਸਿਡਨੀ 'ਚ ਭੰਗੜਾ ਸਿਖਾਉਣ ਵਾਲੀ ਕਾਫੀ ਪੁਰਾਣੀ ਅਕੈਡਮੀ ਹੈ। ਇਸ ਅਕੈਡਮੀ 'ਚ ਭੰਗੜਾ ਸਿੱਖਣ ਵਾਲੇ ਨੌਜਵਾਨਾਂ ਨੇ ਪਹਿਲਾ ਇਨਾਮ ਹਾਸਲ ਕੀਤਾ ਹੈ। ਇੱਥੇ ਹਰ ਸਾਲ ਵਾਂਗ ਭੰਗੜਾ ਫੈਸਟੀਵਲ ਕਰਵਾਇਆ ਗਿਆ, ਇਸ ਵਾਰ ਵੀ ਆਸਟ੍ਰੇਲੀਆ ਭਰ ਤੋਂ 6 ਭੰਗੜੇ ਦੀਆਂ ਟੀਮਾਂ ਨੇ ਹਿੱਸਾ ਲਿਆ। 'ਰਿਦਮ ਆਫ ਭੰਗੜਾ' ਦੇ ਗੱਭਰੂਆਂ ਦੇ ਪੇਸ਼ਕਾਰੀ ਨੂੰ ਜੱਜ ਸਾਹਿਬਾਨਾਂ ਨੇ ਬਹੁਤ ਸਲਾਹਿਆ। 
ਰਿਦਮ ਆਫ ਭੰਗੜਾ ਦੇ ਸੰਚਾਲਕ ਇੰਦਰਪਾਲ ਸਿੰਘ ਅਤੇ ਕਪਿਲ ਮਲਹੋਤਰਾ ਨੇ ਦੱਸਿਆ ਕਿ ਅਕੈਡਮੀ ਵਿਚ ਵੱਖ-ਵੱਖ ਵਰਗ ਦੇ ਗੱਭਰੂ ਭੰਗੜਾ ਸਿੱਖਦੇ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਰਿਦਮ ਆਫ ਭੰਗੜਾ ਦੇ ਗੱਭਰੂਆਂ ਨੇ ਪਹਿਲਾ ਇਨਾਮ ਹਾਸਲ ਕੀਤਾ ਹੈ। ਓਧਰ ਇਸ ਭੰਗੜੇ 'ਚ ਪਹਿਲਾ ਇਨਾਮ ਹਾਸਲ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਹੁਤ ਹੀ ਸ਼ਾਨਦਾਰ ਤਜ਼ਰਬਾ ਸੀ। ਸਖਤ ਮਿਹਨਤ ਜ਼ਰੀਏ ਉਹ ਇਸ ਮੁਕਾਮ ਤੱਕ ਪੁੱਜੇ ਹਨ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਦਾ ਮੁਕਾਬਲਾ ਬ੍ਰਿਸਬੇਨ ਭੰਗੜਾ ਟੀਮ ਨਾਲ ਸੀ ਅਤੇ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਰਿਦਮ ਆਫ ਭੰਗੜਾ ਟੀਮ ਦੇ ਨੌਜਵਾਨਾਂ ਨੇ ਫੇਸਬੁੱਕ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।


Related News