ਨਵੇਂ ਫੌਜ ਮੁਖੀ ਦੀ ਨਿਯੁਕਤੀ ਸਬੰਧੀ ਇਮਰਾਨ ਦਾ ਪ੍ਰਸਤਾਵ ਕੀਤਾ ਖਾਰਜ: ਸ਼ਹਿਬਾਜ਼ ਸ਼ਰੀਫ
Sunday, Oct 30, 2022 - 04:49 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਨੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਉੱਤਰਾਧਿਕਾਰੀ ਦੀ ਨਿਯੁਕਤ ਕਰਨ ਦੇ ਆਪਣੇ ਪੂਰਵਜ ਇਮਰਾਨ ਖਾਨ ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਤਿੰਨ ਸਾਲ ਦਾ ਕਾਰਜਕਾਲ ਵਿਸਥਾਰ ਪਾਏ 61 ਸਾਲਾ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ। ਬਾਜਵਾ ਨੂੰ 2016 ਵਿਚ ਨਿਯੁਕਤ ਕੀਤਾ ਗਿਆ ਸੀ, ਪਰ 2019 ਵਿਚ ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ, ਉਸ ਸਮੇਂ ਦੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਦੀ ਸੇਵਾ ਨੂੰ ਹੋਰ ਤਿੰਨ ਸਾਲ ਲਈ ਵਧਾ ਦਿੱਤਾ ਸੀ।
ਜਲਦੀ ਆਮ ਚੋਣਾਂ ਦੀ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਸਤੰਬਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਖਾਨ ਨੇ ਕਿਹਾ ਸੀ ਕਿ ਨਵੀਂ ਸਰਕਾਰ ਦੀ ਚੋਣ ਹੋਣ ਤੱਕ ਜਨਰਲ ਬਾਜਵਾ ਨੂੰ ਇੱਕ ਹੋਰ ਵਾਧਾ ਦਿੱਤਾ ਜਾਣਾ ਚਾਹੀਦਾ ਹੈ। ਐਤਵਾਰ ਨੂੰ ‘ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਮੁਤਾਬਕ ਸ਼ਨੀਵਾਰ ਨੂੰ ਕਈ ਵਲੌਗਰਾਂ ਨਾਲ ਗੱਲਬਾਤ ਦੌਰਾਨ ਸ਼ਹਿਬਾਜ਼ ਨੇ ਕਿਹਾ ਕਿ ਖਾਨ ਨੇ ਦੋ ਮੁੱਦਿਆਂ ਨੂੰ ਸੁਲਝਾਉਣ ਲਈ ਕਰੀਬ ਇਕ ਮਹੀਨਾ ਪਹਿਲਾਂ ਇਕ ਆਪਸੀ ਕਾਰੋਬਾਰੀ ਦੋਸਤ ਰਾਹੀਂ ਸਰਕਾਰ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ, ਜਿਨ੍ਹਾਂ ਵਿਚੋਂ ਇਕ ਫ਼ੌਜ ਮੁਖੀ ਦੀ ਨਿਯੁਕਤੀ ਅਤੇ ਦੂਜਾ ਛੇਤੀ ਚੋਣਾਂ ਕਰਵਾਉਣ ਨਾਲ ਸਬੰਧਤ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਗੁਆਂਤਾਨਾਮੋ ਦੇ ਸਭ ਤੋਂ ਬਜ਼ੁਰਗ ਕੈਦੀ ਨੂੰ ਕੀਤਾ ਰਿਹਾਅ, ਪਾਕਿ ਨਾਲ ਹੈ ਸਬੰਧ
ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਇਮਰਾਨ ਨੇ ਸੁਝਾਅ ਦਿੱਤਾ ਸੀ ਕਿ ਅਸੀਂ ਉਨ੍ਹਾਂ ਨੂੰ ਫ਼ੌਜ ਮੁਖੀ ਦੇ ਅਹੁਦੇ ਲਈ ਤਿੰਨ ਨਾਂ ਦੇਈਏ ਅਤੇ ਉਹ ਤਿੰਨ ਨਾਂ ਦੇਣਗੇ ਅਤੇ ਫਿਰ ਅਸੀਂ ਉਨ੍ਹਾਂ ਛੇ ਨਾਵਾਂ 'ਚੋਂ ਇਕ ਨੂੰ ਨਵੇਂ ਫ਼ੌਜ ਮੁਖੀ ਵਜੋਂ ਨਿਯੁਕਤ ਕਰਨ ਬਾਰੇ ਫ਼ੈਸਲਾ ਲਵਾਂਗੇ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਦੋਵਾਂ ਸੂਚੀਆਂ ਵਿੱਚ ਇੱਕ ਨਾਮ ਸਾਂਝਾ ਹੈ, ਫਿਰ ਅਸੀਂ ਇਸ 'ਤੇ ਸਹਿਮਤ ਹੋਵਾਂਗੇ। ਮੈਂ ਇਮਰਾਨ ਖਾਨ ਦੇ ਇਸ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ। ਸ਼ਹਿਬਾਜ਼ ਨੇ ਕਿਹਾ ਕਿ ਉਨ੍ਹਾਂ ਨੇ ਸੰਦੇਸ਼ ਭੇਜਿਆ ਹੈ ਕਿ ਫ਼ੌਜ ਮੁਖੀ ਦੀ ਨਿਯੁਕਤੀ ਇਕ ਸੰਵਿਧਾਨਕ ਫਰਜ਼ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨੂੰ ਨਿਭਾਉਣਾ ਹੋਵੇਗਾ।