ਕੈਨੇਡਾ : ਰੀਸਾਈਕਲ ਪਲਾਂਟ ''ਚ ਲੱਗੀ ਭਿਆਨਕ ਅੱਗ
Sunday, Dec 22, 2019 - 10:42 AM (IST)

ਓਟਾਵਾ— ਕੈਨੇਡਾ ਦੇ ਮਿੰਟੋ ਰੀਸਾਈਕਲ ਪਲਾਂਟ 'ਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਕੈਨੇਡਾ ਦੇ ਨਿਊ ਬਰਨਜ਼ਵਿਕ ਸੂਬੇ 'ਚ ਸਥਿਤ ਮਿੰਟੋ ਪਲਾਂਟ 'ਚ ਸ਼ਨੀਵਾਰ ਨੂੰ ਤਕਰੀਬਨ ਦੋ ਵਜੇ ਅੱਗ ਲੱਗੀ।
ਅੱਗ 'ਤੇ ਕਾਬੂ ਪਾਉਣ ਲਈ ਦਰਜਨਾਂ ਫਾਇਰ ਫਾਈਟਰਜ਼ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਅੱਗ ਦੀਆਂ ਲਪਟਾਂ ਕਾਫੀ ਤੇਜ਼ ਸਨ ਜਿਸ ਕਾਰਨ ਆਸਮਾਨ 'ਚ ਧੂੰਆਂ ਭਰ ਗਿਆ। ਧੂੰਏਂ ਕਾਰਨ ਫਾਇਰ ਫਾਈਟਰਜ਼ ਨੂੰ ਰਾਹਤ ਅਤੇ ਬਚਾਅ ਕਾਰਜ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਿਊ ਬਰਨਜ਼ਵਿਕ ਸੂਬੇ ਦੀ ਸਰਕਾਰ ਨੇ ਟਵੀਟ ਕਰਕੇ ਲੋਕਾਂ ਨੂੰ ਘਟਨਾ ਵਾਲੇ ਸਥਾਨ ਤੋਂ ਦੂਰ ਰਹਿਣ ਅਤੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲਾਂਕਿ ਪਤਾ ਨਹੀਂ ਲੱਗ ਸਕਿਆ ਹੈ। ਅਜੇ ਤਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ, ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।