ਔਰਤ ਨੇ ਆਨਲਾਈਨ ਮੰਗਵਾਇਆ ਸੀ 'ਖਿਡੌਣਾ ਸੱਪ' ਪਰ ਪਾਰਸਲ 'ਚੋਂ ਨਿਕਲਿਆ ਅਸਲੀ

Monday, Oct 09, 2017 - 06:55 PM (IST)

ਬੀਜਿੰਗ (ਬਿਊਰੋ)— ਅਕਸਰ ਆਨਲਾਈਨ ਆਰਡਰ ਕੀਤਾ ਸਾਮਾਨ ਕਦੇ ਪੂਰਾ ਨਹੀਂ ਹੁੰਦਾ ਜਾਂ ਫਿਰ ਜੋ ਆਰਡਰ ਕੀਤਾ ਹੁੰਦਾ ਹੈ ਉਹ ਘਰ ਆਉਂਦਾ ਹੀ ਨਹੀਂ। ਕੁਝ ਅਜਿਹਾ ਹੀ ਹੋਇਆ ਚੀਨ 'ਚ ਰਹਿਣ ਵਾਲੀ ਇਕ ਔਰਤ ਨਾਲ। ਔਰਤ ਨੇ ਆਨਲਾਈਨ ਇਕ ਖਿਡੌਣੇ ਵਾਲੇ ਸੱਪ ਲਈ ਆਰਡਰ ਦਿੱਤਾ ਸੀ ਪਰ ਉਸ ਦੇ ਘਰ ਜੋ ਪਾਰਸਲ ਪਹੁੰਚਿਆ, ਉਸ 'ਚੋਂ ਨਕਲੀ ਖਿਡੌਣਾ ਨਹੀਂ ਸਗੋਂ ਕਿ ਅਸਲੀ ਸੱਪ ਨਿਕਲਿਆ। ਔਰਤ ਨੇ ਆਪਣੇ 6 ਸਾਲਾ ਬੇਟੇ ਲਈ ਖਿਡੌਣੇ ਵਾਲੇ ਸੱਪ ਦਾ ਆਰਡਰ ਕੀਤਾ ਸੀ। ਔਰਤ ਨੇ ਜਦੋਂ ਪਾਰਸਲ ਖੋਲ੍ਹਿਆ ਤਾਂ ਸੋਚਿਆ ਕਿ 20 ਸੈਂਟੀਮੀਟਰ ਲੰਬਾ ਸੱਪ ਪਲਾਸਟਿਕ ਦਾ ਹੈ। ਨਰਮ ਚਮੜੀ ਦੇਖ ਕੇ ਔਰਤ ਨੇ ਆਪਣੇ ਪਤੀ ਨੂੰ ਸੱਪ ਦਿਖਾਇਆ ਅਤੇ ਕਿਹਾ ਕਿ ਹੁਣ ਕਿੰਨੇ ਅਸਲੀ ਵਾਂਗ ਦਿੱਸਣ ਵਾਲੇ ਖਿਡੌਣੇ ਬਾਜ਼ਾਰ ਵਿਚ ਆਉਣ ਲੱਗੇ ਹਨ। ਪਤੀ ਨੇ ਸੱਪ ਦੇ ਸਿਰ ਨੂੰ ਦੇਖ ਕੇ ਤੁਰੰਤ ਅੰਦਾਜ਼ਾ ਲਾ ਲਿਆ ਸੀ ਕਿ ਉਹ ਅਸਲੀ ਦਾ ਸੱਪ ਸੀ।
ਹਾਲਾਂਕਿ ਉਹ ਮਰ ਚੁੱਕਾ ਸੀ। ਇਸ ਗੱਲ ਦੀ ਜਾਣਕਾਰੀ ਹੁੰਦੇ ਹੀ ਔਰਤ ਅਤੇ ਉਸ ਦਾ ਪਰਿਵਾਰ ਡਰ ਗਿਆ। ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ, ਉਨ੍ਹਾਂ ਕਿਹਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਸ਼ਾਇਦ ਉਹ ਗਰਮੀ ਪਾਉਣ ਲਈ ਪਾਰਸਲ ਵਿਚ ਲੁੱਕ ਗਿਆ ਹੋਵੇਗਾ। ਔਰਤ ਨੇ ਕਿਹਾ ਕਿ ਸ਼ੁੱਕਰ ਹੈ ਕਿ ਸੱਪ ਮਰਿਆ ਹੋਇਆ ਸੀ। ਜੇਕਰ ਉਹ ਜ਼ਿੰਦਾ ਹੁੰਦਾ ਤਾਂ ਕੀ ਹੁੰਦਾ। ਓਧਰ ਆਨਲਾਈਨ ਖਿਡੌਣੇ ਦੀ ਦੁਕਾਨ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਸੱਪ ਪਾਰਸਲ ਵਿਚ ਕਿਵੇਂ ਪੁੱਜਾ ਪਰ ਉਹ ਪਰਿਵਾਰ ਨੂੰ ਪੈਸੇ ਵਾਪਸੀ ਦੇਣ 'ਤੇ ਸਹਿਮਤ ਹੋ ਗਏ ਹਨ।


Related News