ਪੱਕੇ ਹੋਣ ਦੀ ਚਾਹਤ ਨੇ ਔਰਤ ਨੂੰ ਵਿਦੇਸ਼ ''ਚ ਫਸਾਇਆ, 12 ਸਾਲ ਬਾਅਦ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ

Friday, Oct 25, 2024 - 05:17 AM (IST)

ਲੋਹੀਆਂ ਖਾਸ (ਸੁਖਪਾਲ ਰਾਜਪੂਤ )- ਵਿਦੇਸ਼ਾਂ 'ਚ ਕੰਮ-ਕਾਜ ਤੇ ਆਪਣੇ ਪਰਿਵਾਰ ਪਾਲਣ ਲਈ ਗਏ ਲੋਕਾਂ ਨੂੰ ਕਈ ਵਾਰ ਉੱਥੇ ਵੱਡੀਆਂ ਮੁਸੀਬਤਾਂ ਵੀ ਸਹਿਣੀਆਂ ਪੈਂਦੀਆਂ ਹਨ ਤੇ ਕਈ ਵਾਰ ਉਨ੍ਹਾਂ ਲਈ ਵਾਪਸੀ ਦੇ ਰਾਹ ਵੀ ਬੰਦ ਹੋਣ ਲੱਗਦੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ, ਜਿਸ 'ਚ ਹਾਂਗਕਾਂਗ ਵਿੱਚ ਫਸੀ ਇੱਕ ਔਰਤ ਨੂੰ 12 ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਾਪਸ ਲਿਆਂਦਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਹਿਬ ਦੀ ਰਹਿਣ ਵਾਲੀ ਇਹ ਔਰਤ ਨਿਰਮਲ ਕੁਟੀਆ ਸੁਲਤਾਨਪੁਰ ਵਿਖੇ ਸੰਤ ਸੀਚੇਵਾਲ ਜੀ ਦਾ ਪਰਿਵਾਰ ਸਮੇਤ ਧੰਨਵਾਦ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੀ ਸੀ।

ਪੀੜਤ ਔਰਤ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਨਾਲ ਸੰਬਧ ਰੱਖਦੀ ਹੈ ਅਤੇ ਉਹ ਦੋ ਧੀਆਂ ਦੀ ਮਾਂ ਵੀ ਹੈ। ਉਹ ਹਾਂਗਕਾਂਗ ਸਾਲ 2012 ਵਿੱਚ ਬਿਹਤਰ ਭਵਿੱਖ ਦੀ ਭਾਲ 'ਚ ਟੂਰਸਿਟ ਵੀਜ਼ੇ ‘ਤੇ ਗਈ ਸੀ ਪਰ ਉੱਥੇ ਹੀ ਪੱਕੇ ਹੋਣ ਦੀ ਚਾਹਤ ਕਾਰਨ ਉਹ ਹਾਂਗਕਾਂਗ ਵਿੱਚ ਹੀ ਕੰਮ ਕਰਦੀ ਰਹੀ। ਹਾਂਗਕਾਂਗ ਵਿੱਚ ਰਹਿੰਦਿਆ ਉਹ ਇੱਕ ਹੋਰ ਔਰਤ ਨਾਲ ਇੱਕਠਿਆਂ ਕਮਰੇ ਵਿੱਚ ਰਹਿਣ ਲੱਗ ਪਈ ਸੀ। ਇਸੇ ਦੌਰਾਨ ਇੱਕ ਗੈਂਗਸਟਰ ਦੀ ਸ਼ਿਕਾਇਤ ਕਰਨੀ ਉਸ ਨੂੰ ਬੜੀ ਮਹਿੰਗੀ ਪਈ, ਜਿਸ ਕਾਰਨ ਉਸ ਨੂੰ ਗੈਂਗਸਟਰਾਂ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਕਾਰਨ ਲੰਬੇ ਸਮੇਂ ਤੱਕ ਮਾਨਸਿਕ ਪੀੜਾ ਝੱਲਣੀ ਪਈ।

ਪੀੜਤ ਔਰਤ ਨਾਲ ਆਈ ਉਸ ਦੀ ਭੈਣ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੈਂਗਸਟਰਾਂ ਵੱਲੋਂ ਉਸ ਨੂੰ ਇਸ ਹੱਦ ਤੱਕ ਡਰਾ ਦਿੱਤਾ ਗਿਆ ਸੀ ਕਿ ਵਾਪਿਸ ਘਰ ਆਉਣ ਤੋਂ ਬਾਅਦ ਵੀ ਉਸ ਦੀ ਭੈਣ ਹਾਲੇ ਵੀ ਸਦਮੇ ਵਿੱਚ ਹੈ। ਉਸ ਦੀ ਭੈਣ ਨੇ ਵੀਡਿਓ ਕਾਲ ਰਾਹੀਂ ਉਨ੍ਹਾਂ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਜਾਨ ਨੂੰ ਹਾਂਗਕਾਂਗ ਵਿਚ ਖ਼ਤਰਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਭੈਣੀ ਤੋਂ ਹੀ ਕਿਸੇ ਨੇ ਦੱਸਿਆ ਕਿ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੱਕ ਪਹੁੰਚ ਕਰਨ। ਜਿਸਤੋਂ ਬਾਅਦ ਉਨ੍ਹਾਂ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ ਤੇ ਉਨ੍ਹਾਂ ਵੱਲੋਂ ਤੁਰੰਤ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਲਿਆ ਸੀ, ਜਿਸ ਕਾਰਨ ਉਸ ਦੀ ਭੈਣ ਕੁਝ ਮਹੀਨਿਆਂ ਬਾਅਦ ਹੀ ਵਾਪਸ ਆ ਗਈ। 

PunjabKesari

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਚਿਤਾਵਨੀ ਮਗਰੋਂ ਰਾਜਾ ਵੜਿੰਗ ਨੇ ਮੰਗੀ ਮੁਆਫ਼ੀ

ਪੀੜਤ ਲੜਕੀ ਦੇ ਨਾਲ ਆਈ ਉਸ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਉੱਥੇ ਜੋ ਸਥਿਤੀ ਸੀ ਉਹ ਪੂਰੇ ਪਰਿਵਾਰ ਲਈ ਅਸਹਿਣਯੋਗ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ ਬਾਬਾ ਜੀ ਵੱਲੋਂ ਗਏ ਯਤਨਾਂ ਸਦਕਾ ਹੀ ਸੰਭਵ ਹੋ ਪਾਇਆ ਹੈ ਕਿ ਉਨ੍ਹਾਂ ਦੀ ਕੁੜੀ 12 ਸਾਲ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਵਿੱਚ ਸਹੀ ਸਲਾਮਤ ਵਾਪਸ ਆ ਸਕੀ ਹੈ।

ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਆਇਆ ਇਹ ਪਰਿਵਾਰ ਸਭ ਤੋਂ ਪਹਿਲਾਂ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਮਗਰੋਂ ਸੰਤ ਸੀਚੇਵਾਲ ਨੇ ਹਾਂਗਕਾਂਗ ਤੋਂ ਆਈ ਇਸ ਪੀੜਤ ਔਰਤ ਨੂੰ ਹੌਸਲਾ ਦਿੰਦਿਆ ਆਖਿਆ ਕਿ ਉਹ ਜਿਗਰੇ  ਵਾਲੀ ਹੈ ਜਿਸ ਨੇ ਮੁਸ਼ਕਿਲ ਹਲਾਤਾਂ ਵਿੱਚ ਵੀ ਘਰ ਵਾਪਸੀ ਦੀ ਆਸ ਨਹੀਂ ਛੱਡੀ। ਸੰਤ ਸੀਚੇਵਾਲ ਨੇ ਭਾਰਤੀ ਐਬੰਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰਾਲੇ ਦਾ ਹਮੇਸ਼ਾ ਹੀ ਵੱਡਾ ਯੋਗਦਾਨ ਰਹਿੰਦਾ ਹੈ ਜਿਸ ਕਾਰਨ ਉਹ ਵਿਦੇਸ਼ਾਂ ਵਿੱਚ ਫਸੀਆਂ ਭਾਰਤੀ ਲੜਕੀਆਂ ਨੂੰ ਸਹੀ ਸਲਾਮਤ ਲੈਕੇ ਆਉਣ ਵਿੱਚ ਸਫਲ ਹੁੰਦੇ ਹਨ।

ਲੜਕੀ ਨਾਲ ਕਮਰਾ ਸਾਂਝਾ ਕਰਨਾ ਪਿਆ ਮਹਿੰਗਾ
ਪੀੜਤ ਲੜਕੀ ਦੀ ਭੈਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਂਗਕਾਂਗ ਵਿੱਚ ਰਹਿੰਦਿਆਂ ਉਸ ਨੇ ਕਿਸੇ ਲੜਕੀ ਨਾਲ ਕਮਰਾ ਸਾਂਝਾ ਕੀਤਾ ਸੀ, ਜਿਸ ਨੇ ਕੁਝ ਸਮੇਂ ਬਾਅਦ ਧੋਖੇ ਨਾਲ ਉਸ ਦੀ ਭੈਣ ਦਾ ਸਾਮਾਨ ਕਮਰੇ 'ਚੋਂ ਬਾਹਰ ਕੱਢ ਕੇ ਉਸ ਨੂੰ ਬੇਘਰ ਕਰ ਦਿੱਤਾ ਸੀ। ਇਸ ਦਾ ਵਿਰੋਧ ਕਰਨ 'ਤੇ ਉਸ ਕੁੜੀ ਨੇ ਗੈਂਗਸਟਰਾਂ ਵੱਲੋਂ ਉਸ ਦੀ ਭੈਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰਵਾ ਦਿੱਤੀਆਂ। ਇਸ ਡਰ ਕਾਰਨ ਉਸ ਦੀ ਭੈਣ ਉੱਥੇ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਸੀ ਤੇ ਡੂੰਘੇ ਸਦਮੇ ਵਿੱਚ ਚਲੀ ਗਈ ਸੀ। ਉਹ ਲੰਮਾਂ ਸਮਾਂ ਮਾਨਸਿਕ ਰੋਗਾਂ ਦੀ ਵੀ ਸ਼ਿਕਾਰ ਰਹੀ। ਗੈਗਸਟਰਾਂ ਨੇ ਉਸ ਨੂੰ ਇਸ ਕਦਰ ਉੱਥੇ ਡਰਾ ਦਿੱਤਾ ਸੀ ਕਿ ਉਨ੍ਹਾਂ ਦਾ ਡਰ ਉਸ ਨੂੰ ਉੱਥੇ ਕਈ ਸਾਲ ਤੱਕ ਸਤਾਉਂਦਾ ਰਿਹਾ ਤੇ ਪੀੜਤ ਲਈ ਵਾਪਿਸ ਮੁੜਨਾ ਲਗਭਗ ਨਾ-ਮੁਮਕਿਨ ਬਣ ਗਿਆ ਸੀ।

ਇਹ ਵੀ ਪੜ੍ਹੋ- ਬਠਿੰਡਾ ਵਾਸੀਆਂ ਨੂੰ CM ਮਾਨ ਦਾ ਵੱਡਾ ਤੋਹਫ਼ਾ ; 30 ਕਰੋੜ ਦੀ ਲਾਗਤ ਨਾਲ ਬਣੇ Auditorium ਦਾ ਕੀਤਾ ਉਦਘਾਟਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News