ਸ਼੍ਰੀਲੰਕਾ ਨੇ ਕਿਹਾ- ''ਰਾਵਣ ਨੇ ਉਡਾਇਆ ਸੀ ਪਹਿਲਾ ਜਹਾਜ਼, ਕਰ ਦੇਵਾਂਗੇ ਸਾਬਤ''
Tuesday, Jul 21, 2020 - 01:41 PM (IST)
ਕੋਲੰਬੋ- ਸ਼੍ਰੀਲੰਕਾ ਦੀ ਸਰਕਾਰ ਦਾ ਦਾਅਵਾ ਹੈ ਕਿ ਪੰਜ ਹਜ਼ਾਰ ਸਾਲ ਪਹਿਲਾਂ ਰਾਵਣ ਨੇ ਹੀ ਪਹਿਲੀ ਵਾਰ ਜਹਾਜ਼ ਦੀ ਵਰਤੋਂ ਕੀਤੀ ਸੀ। ਸ਼੍ਰੀਲੰਕਾ ਸਰਕਾਰ ਨੇ ਇਕ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿਚ ਲੋਕਾਂ ਨੂੰ ਰਾਵਣ ਬਾਰੇ ਕੋਈ ਵੀ ਦਸਤਾਵੇਜ਼ ਸਾਂਝਾ ਕਰਨ ਲਈ ਕਿਹਾ ਗਿਆ ਹੈ। ਇਹ ਇਸ਼ਤਿਹਾਰ ਸੈਰ ਸਪਾਟਾ ਤੇ ਹਵਾਬਾਜ਼ੀ ਮੰਤਰਾਲਾ ਨੇ ਵੱਖ-ਵੱਸ਼ ਅਖਬਾਰਾਂ ਵਿਚ ਜਾਰੀ ਕੀਤਾ ਹੈ।
ਦਰਅਸਲ, ਰਾਵਣ ਸ਼੍ਰੀਲੰਕਾ ਦੇ ਲੋਕਾਂ ਲਈ ਇਕ ਮਹਾਨ ਰਾਜਾ ਸੀ। ਇਸ਼ਤਿਹਾਰ ਵਿਚ ਲੋਕਾਂ ਨੂੰ ਰਾਵਣ ਨਾਲ ਜੁੜੇ ਦਸਤਾਵੇਜ਼ ਜਾਂ ਕਿਤਾਬਾਂ ਨੂੰ ਸਾਂਝਾ ਕਰਨ ਦੀ ਬੇਨਤੀ ਕੀਤੀ ਗਈ ਹੈ, ਤਾਂ ਜੋ ਗੁਆਚੀ ਵਿਰਾਸਤ ਦੀ ਖੋਜ ਕਰਨ ਵਿਚ ਸਰਕਾਰ ਨੂੰ ਮਦਦ ਮਿਲ ਸਕੇ। ਸ਼੍ਰੀਲੰਕਾ ਦੀ ਹਵਾਬਾਜ਼ੀ ਅਥਾਰਟੀ ਨੇ ਰਾਵਣ ਵੱਲੋਂ ਪ੍ਰਾਚੀਨ ਸਮੇਂ ਵਿਚ ਉਡਾਣ ਭਰਨ ਲਈ ਵਰਤੇ ਗਏ ਤਰੀਕਿਆਂ ਨੂੰ ਸਮਝਣ ਲਈ ਇਕ ਪਹਿਲ ਸ਼ੁਰੂ ਕੀਤੀ ਹੈ। ਸ਼੍ਰੀਲੰਕਾ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਨੂੰ ਸਾਬਤ ਕਰਕੇ ਦਿਖਾਏਗੀ।
ਸ਼੍ਰੀਲੰਕਾ ਦੀ ਹਵਾਬਾਜ਼ੀ ਅਥਾਰਟੀ ਦੇ ਸਾਬਕਾ ਉਪ ਮੁਖੀ ਸ਼ਸ਼ੀ ਦੰਤੰਜ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਨੂੰ ਸਾਬਤ ਕਰਨ ਲਈ ਬਹੁਤ ਸਾਰੇ ਤੱਥ ਸਨ। ਅਗਲੇ ਪੰਜ ਸਾਲਾਂ ਵਿਚ ਅਸੀਂ ਇਸ ਨੂੰ ਸਾਬਤ ਕਰਾਂਗੇ। ਗੌਰਤਲਬ ਹੈ ਕਿ ਇਨ੍ਹਾਂ ਦਿਨੀਂ ਸ਼੍ਰੀਲੰਕਾ ਦੇ ਲੋਕਾਂ ਨੂੰ ਲੰਕਾ ਦੇ ਰਾਜੇ ਬਾਰੇ ਬਹੁਤ ਦਿਲਚਸਪੀ ਹੈ। ਸ਼੍ਰੀਲੰਕਾ ਨੇ ਹਾਲ ਹੀ ਵਿਚ ਆਪਣੇ ਪਹਿਲੇ ਪੁਲਾੜ ਮਿਸ਼ਨ ਤਹਿਤ ਰਾਵਣ ਨਾਮ ਦੀ ਸੈਟੇਲਾਈਟ ਲਾਂਚ ਕੀਤੀ ਹੈ। ਸ਼੍ਰੀਲੰਕਾ ਵਿਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰਾਵਣ ਇਕ ਦਿਆਲੂ ਰਾਜਾ ਅਤੇ ਵਿਦਵਾਨ ਸੀ।