ਭਾਰਤੀ ਮੂਲ ਦੇ ਉੱਚ ਬੁਲਾਰੇ ਨੇ ਛੱਡਿਆ ਟਰੰਪ ਪ੍ਰਸ਼ਾਸਨ ਦਾ ਸਾਥ

Tuesday, Jan 15, 2019 - 02:54 PM (IST)

ਭਾਰਤੀ ਮੂਲ ਦੇ ਉੱਚ ਬੁਲਾਰੇ ਨੇ ਛੱਡਿਆ ਟਰੰਪ ਪ੍ਰਸ਼ਾਸਨ ਦਾ ਸਾਥ

ਵਾਸ਼ਿੰਗਟਨ(ਏਜੰਸੀ)— ਵ੍ਹਾਈਟ ਹਾਊਸ ਪ੍ਰੈੱਸ ਦਫਤਰ ਦੇ ਉੱਚ ਬੁਲਾਰੇ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਪੈਰਵੀ ਕਰਨ ਵਾਲੀ ਇਕ ਸੰਸਥਾ 'ਚ ਸ਼ਾਮਲ ਹੋਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਸ਼ਾਹ ਦਾ ਨਾਂ ਉਨ੍ਹਾਂ ਉੱਚ ਅਧਿਕਾਰੀਆਂ ਦੀ ਸੂਚੀ 'ਚ ਜੁੜ ਗਿਆ ਹੈ ਜਿਨ੍ਹਾਂ ਨੇ ਹਾਲ ਹੀ ਦੇ ਕੁਝ ਮਹੀਨਿਆਂ 'ਚ ਟਰੰਪ ਪ੍ਰਸ਼ਾਸਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਵ੍ਹਾਈਟ ਹਾਊਸ ਦੇ ਉਪ ਬੁਲਾਰੇ ਅਤੇ ਰੀਪਬਲਿਕਨ ਰਾਸ਼ਟਰੀ ਕਮੇਟੀ ਦੇ ਸਾਬਕਾ ਸ਼ੋਧਕਰਤਾ ਰਹੇ 34 ਸਾਲਾ ਸ਼ਾਹ ਰਾਸ਼ਟਰਪਤੀ ਟਰੰਪ ਦੇ ਜਨਵਰੀ 2017 'ਚ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ਾਸਨ ਦਾ ਹਿੱਸਾ ਰਹੇ ਹਨ। ਸ਼ਾਹ ਨੂੰ ਹਾਲ ਹੀ 'ਚ ਜੱਜ ਬ੍ਰੈਟ ਐੱਮ. ਕਾਵਨਾਹ ਦੀ ਉੱਚ ਅਦਾਲਤ 'ਚ ਨਿਯੁਕਤ ਕਰਨ  ਲਈ ਸੈਨੇਟ ਦੀ ਪੁਸ਼ਟੀ ਸਬੰਧੀ ਸੁਣਵਾਈ ਲਈ ਉਨ੍ਹਾਂ ਨੂੰ ਤਿਆਰ ਕਰਨ ਦਾ ਕੰਮ ਸੌਂਪ ਦਿੱਤਾ ਗਿਆ ਸੀ।

ਰਾਜ ਸ਼ਾਹ ਦਾ ਟਰੰਪ ਪ੍ਰਸ਼ਾਸਨ ਨੂੰ ਛੱਡਣਾ ਵੱਡਾ ਝਟਕਾ ਹੈ ਕਿਉਂਕਿ ਬੀਤੇ ਦਿਨੀਂ ਹੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਲੜੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਤੁਲਸੀ ਨੂੰ ਭਾਰਤੀਆਂ ਦਾ ਸਾਥ ਮਿਲ ਸਕਦਾ ਹੈ। 
ਸੂਤਰਾਂ ਮੁਤਾਬਕ ਸ਼ਾਹ ਬਲਾਰਡ ਪਾਰਟਨਰਸ ਦੀ ਪ੍ਰੈੱਸ ਸ਼ਾਖਾ 'ਮੀਡੀਆ ਗਰੁੱਪ' ਦੀ ਅਗਵਾਈ ਕਰਨਗੇ। ਇਹ ਪੈਰਵੀ ਕਰਨ ਵਾਲੀ ਇਕ ਸੰਸਥਾ ਹੈ ਜਿਸ ਦੇ ਦਫਤਰ ਫਲੋਰੀਡਾ ਅਤੇ ਵਾਸ਼ਿੰਗਟਨ 'ਚ ਹਨ। ਖਬਰ 'ਚ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਉਹ ਡੈਮੋਕ੍ਰੇਟਿਕ ਜੇਮੀ ਰੂਬਿਨ ਨਾਲ ਕੰਮ ਕਰਨਗੇ ਜੋ ਸਾਬਕਾ ਵਿਦੇਸ਼ ਮੰਤਰੀ ਮੇਡੇਲਿਨ ਅਲਬ੍ਰਾਈਟ ਦੇ ਬੁਲਾਰੇ ਰਹਿ ਚੁੱਕੇ ਹਨ। ਵ੍ਹਾਈਟ ਹਾਊਸ ਪ੍ਰੈੱਸ ਅਤੇ ਸੰਚਾਰ ਟੀਮ ਦੇ ਲਗਾਤਾਰ ਕਮਜ਼ੋਰ ਹੋਣ ਦੌਰਾਨ ਸ਼ਾਹ ਦੀ ਰਵਾਨਗੀ ਦੀ ਖਬਰ ਸਾਹਮਣੇ ਆਈ ਹੈ।


Related News