ਫਰਿਜ਼ਨੋ 'ਚ ਪੰਜਾਬੀਆਂ ਨੇ ਕਿਸਾਨਾਂ ਦੇ ਹੱਕ 'ਚ ਟਰੱਕਾਂ-ਕਾਰਾਂ 'ਚ ਕੱਢੀ ਰੈਲੀ

12/07/2020 10:45:35 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਭਾਰਤ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨਾਂ ਦੇ ਸਮਰਥਨ 'ਚ ਅਮਰੀਕਾ ਦੇ ਕਈ ਸ਼ਹਿਰਾਂ 'ਚ ਹਜ਼ਾਰਾਂ ਪੰਜਾਬੀ ਅਮਰੀਕੀਆਂ ਨੇ ਸ਼ਾਂਤੀਮਈ ਢੰਗ ਨਾਲ ਵਿਰੋਧ ਰੈਲੀਆਂ ਕੱਢੀਆਂ। 

PunjabKesari

ਇਸੇ ਕੜੀ ਤਹਿਤ ਫਰਿਜ਼ਨੋ ਵਿਖੇ ਵੀ ਟਰੱਕ-ਕਾਰ, ਟਰੈਕਟਰ ਅਤੇ ਮੋਟਰ-ਸਾਈਕਲ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਵਿਚ ਹਜ਼ਾਰ ਤੋਂ ਵੱਧ ਵਾਹਨਾਂ ਨਾਲ ਲੋਕਾਂ ਨੇ ਭਾਗ ਲਿਆ ਅਤੇ ਜਾਣਕਾਰੀ ਮੁਤਾਬਕ ਤਿੰਨ ਹਜ਼ਾਰ ਤੋਂ ਉੱਪਰ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਹੋਰ ਭਾਈਚਾਰਿਆਂ ਨੇ ਵੀ ਇਸ ਰੋਡ ਸ਼ੋਅ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। 

ਇਸ ਰੋਡ ਸ਼ੋਅ ਦੀ ਖ਼ਾਸ ਗੱਲ ਇਹ ਰਹੀ ਕਿ ਇੱਥੋਂ ਦੇ ਜੰਮੇ ਨੌਜਵਾਨ ਬੱਚੇ-ਬੱਚੀਆਂ ਵੀ ਇਸ ਮੁਜ਼ਾਹਰੇ ਵਿਚ ਪੂਰੇ ਜੋਸ਼ ਵਿਚ ਪਹੁੰਚੇ ਹੋਏ ਸਨ। ਇਸ ਮੌਕੇ ਲੋਕਾਂ ਨੇ ਭਾਰਤ ਸਰਕਾਰ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿਚ ਨਾਅਰੇ ਲਾ ਕੇ ਪੂਰੀ ਭੜਾਸ ਕੱਢੀ ਅਤੇ ਕਾਲੇ ਕਾਨੂੰਨਾਂ ਦੀ ਰੱਜ ਕੇ ਨਿੰਦਾ ਕੀਤੀ। ਲੋਕਾਂ ਨੇ ਗੱਡੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਝੰਡੇ ਅਤੇ ਸਟਿੱਕਰ ਆਦਿ ਲੋਗੋ ਲਾਏ ਹੋਏ ਸਨ। 

ਇਹ ਵੀ ਪੜ੍ਹੋ- ਕਿਸਾਨਾਂ ਦਾ ਅੰਦੋਲਨ ਜਾਰੀ, ਅੱਜ ਕੌਮਾਂਤਰੀ ਖਿਡਾਰੀਆਂ ਵਲੋਂ ਹੋਵੇਗੀ 'ਐਵਾਰਡ' ਵਾਪਸੀ

ਫਰਿਜ਼ਨੋ ਤੋਂ ਇਲਾਵਾ ਕਲੋਵਿਸ, ਸੈਲਮਾਂ, ਫਾਊਲਰ, ਕਰਮਨ, ਸਨਵਾਕੀਨ, ਮੰਡੇਰਾਂ, ਸੈਘਰ ਆਦਿਕ ਲਾਗਲੇ ਸ਼ਹਿਰਾਂ ਤੋਂ ਸਮੁੱਚੇ ਕਿਸਾਨੀ ਨਾਲ ਸੰਬੰਧਤ ਭਾਈਚਾਰੇ ਨੇ ਸ਼ਿਰਕਤ ਕੀਤੀ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਸੀਂ ਤਨ, ਮਨ ਤੇ ਧਨ ਨਾਲ ਪੰਜਾਬ-ਭਾਰਤ ਦੇ ਕਿਸਾਨਾਂ ਨਾਲ ਖੜ੍ਹੇ ਹਾਂ ਅਤੇ ਭਾਰਤ ਸਰਕਾਰ ਦੇ ਇਹ ਤਿੰਨੇ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ। ਇਸ ਸਮੁੱਚੀ ਰੈਲੀ ਵਿਚ ਸ਼ਾਮਲ ਟਰੈਕਟਰ ਅਤੇ ਕਾਰਾਂ ਦਾ ਕਾਫ਼ਲਾ ਇਹ ਦੱਸ ਰਿਹਾ ਸੀ ਕਿ ਬੇਸ਼ੱਕ ਅਸੀਂ ਆਰਥਿਕ ਲੋੜਾਂ ਅਤੇ ਨੌਕਰੀਆਂ ਦੀ ਮਜਬੂਰੀ ਕਰਕੇ ਵਿਦੇਸ਼ ਆ ਵਸੇ ਪਰ ਅੱਜ ਵੀ ਅਸੀਂ ਦੁੱਖ-ਸੁੱਖ ਵਿਚ ਆਪਣੇ ਪੰਜਾਬ ਵੱਸਦੇ ਪਰਿਵਾਰਾਂ ਨਾਲ ਖੜ੍ਹੇ ਹਾਂ। 

ਕਿਸਾਨ ਅੰਦੋਲਨ ਨੂੰ ਕੌਮਾਂਤਰੀ ਪੱਧਰ 'ਤੇ ਹਿਮਾਇਤ ਮਿਲ ਰਹੀ ਹੈ। ਕੀ ਇਸ ਦਾ ਦਬਾਅ ਭਾਰਤ ਸਰਕਾਰ 'ਤੇ ਪਵੇਗਾ? ਕੁਮੈਂਟ ਕਰਕੇ ਦਿਓ ਆਪਣੀ ਰਾਇ


Lalita Mam

Content Editor

Related News