ਇਟਲੀ ''ਚ ਵੀ ਪੰਜਾਬਣਾਂ ਨੇ ਭਾਰੀ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ
Saturday, Oct 11, 2025 - 06:09 PM (IST)

ਰੋਮ (ਇਟਲੀ), (ਟੇਕ ਚੰਦ ਜਗਤਪੁਰ)- ਜਿੱਥੇ ਭਾਰਤ ਵਿੱਚ ਕਰਵਾ ਚੌਥ ਦਾ ਤਿਉਹਾਰ ਪਰੰਪਰਾਗਤ, ਧਾਰਮਿਕ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਉੱਥੇ ਇਟਲੀ ਵਿੱਚ ਵੀ ਇਸ ਤਿਉਹਾਰ ਨੂੰ ਮਨਾਉਣ ਲਈ ਪੰਜਾਬਣਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਭਾਰਤੀ ਸੰਸਕ੍ਰਿਤ 'ਚ ਭਾਰਤੀ ਔਰਤਾਂ ਵਲੋਂ ਪੁਰਾਤਨ ਕਾਲ ਤੋਂ ਹੀ ਪਤੀ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ। ਕਰਵਾ ਚੌਥ ਦੇ ਤਿਉਹਾਰ ਦੇ ਮੌਕੇ ਇਟਲੀ 'ਚ ਮੰਦਰਾਂ ਨੂੰ ਵੀ ਖ਼ੂਬਸੂਰਤ ਅਤੇ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਅਤੇ ਇਨ੍ਹਾਂ ਮੰਦਰਾਂ ਵਿੱਚ ਵੀ ਭਾਰੀ ਗਿਣਤੀ ਵਿੱਚ ਰੌਣਕਾਂ ਵੇਖਣ ਨੂੰ ਮਿਲੀਆਂ। ਇਸ ਦਿਨ ਮਹਿਲਾਵਾਂ ਦੇ ਹੱਥਾਂ 'ਤੇ ਲੱਗੀ ਮਹਿੰਦੀ ਅਤੇ ਰੰਗ ਬਿਰੰਗੀਆਂ ਪੋਸ਼ਾਕਾਂ ਉਨ੍ਹਾਾਂ ਦੀ ਸੁੰਦਰਤਾ ਨੂੰ ਹੋਰ ਚਾਰ ਚੰਦ ਲਾ ਰਹੀਆਂ ਸਨ। ਪੁਰਾਣੇ ਰਿਤੀ ਰਿਵਾਜਾਂ ਅਨੁਸਾਰ ਔਰਤਾਂ ਨੇ ਚੰਦਰਮਾ ਨੂੰ ਵੇਖ ਕੇ ਆਪਣਾ ਵਰਤ ਪੂਰਨ ਕੀਤਾ ਅਤੇ ਪਤੀ ਦੀ ਲੰਬੀ ਉਮਰ, ਸੁੱਖ-ਸ਼ਾਂਤੀ, ਤਰੱਕੀ ਅਤੇ ਕਾਮਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਮਨਜੀਤ ਕੌਰ ਜਗਤਪੁਰ, ਅਮਨਦੀਪ ਕੌਰ ਵਿਰਕ, ਜਸਪ੍ਰੀਤ ਕੌਰ ਜੱਸੀ ,ਮਨਪ੍ਰੀਤ ਕੌਰ ਗੁਰਾਇਆ, ਰਾਜਵਿੰਦਰ ਕੌਰ, ਜਸ਼ਨਦੀਪ ਕੌਰ, ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ।