ਇਟਲੀ 'ਚ ਪੰਜਾਬੀ ਨੌਜਵਾਨ ਦਾ ਖ਼ੌਫਨਾਕ ਕਾਰਾ, ਭੁੱਬਾਂ ਮਾਰਦੇ ਰਹਿ ਗਏ ਮਾਪੇ

Saturday, Nov 30, 2024 - 06:20 PM (IST)

ਇਟਲੀ 'ਚ ਪੰਜਾਬੀ ਨੌਜਵਾਨ ਦਾ ਖ਼ੌਫਨਾਕ ਕਾਰਾ, ਭੁੱਬਾਂ ਮਾਰਦੇ ਰਹਿ ਗਏ ਮਾਪੇ

ਰੋਮ (ਦਲਵੀਰ ਕੈਂਥ)- ਇਟਲੀ ਦੇ ਕੰਪਾਨੀਆ ਸੂਬੇ ਦੇ ਜ਼ਿਲ੍ਹਾ ਸਲੇਰਨੋ ਅਧੀਨ ਆਉਂਦੇ ਸ਼ਹਿਰ ਅਸਚੇਇਆ ਦੇ ਰੇਲਵੇ ਸਟੇਸ਼ਨ 'ਤੇ ਇੱਕ ਭਾਰਤੀ ਨੌਜਵਾਨ ਵੱਲੋਂ ਰੇਲਗੱਡੀ ਅੱਗੇ ਛਾਲ ਮਾਰਕੇ ਆਤਮ ਹੱਤਿਆ ਕਰਨ ਦਾ ਦੁੱਖਦਾਇਕ ਮਾਮਲਾ ਸਾਹਮਣੇ ਆਇਆ ਹੈ। ਇਟਾਲੀਅਨ ਮੀਡੀਏ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਸ਼ਹਿਰ ਅਸਚੇਇਆ (ਸਲੇਰਨੋ) ਦੇ ਰੇਲਵੇ ਸਟੇਸ਼ਨ 'ਤੇ ਇੱਕ 23 ਸਾਲ ਦੇ ਭਾਰਤੀ ਨੌਜਵਾਨ ਨੇ ਰੋਮ ਤੋਂ ਰਿਜੋਕਲਾਬਰੀਆ ਜਾ ਰਹੀ ਰੇਲ ਗੱਡੀ ਇੰਟਰਸਿਟੀ ਦੇ ਅੱਗੇ ਛਾਲ ਮਾਰਕੇ ਆਤਮ ਹੱਤਿਆ ਕੀਤੀ ਹੈ। ਇਸ ਘਟਨਾ ਸੰਬਧੀ ਪ੍ਰੈੱਸ ਵੱਲੋਂ ਇੱਕਠੀ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਉਂਕਾਰ ਸਿੰਘ (23) ਪੁੱਤਰ ਭੁਪਿੰਦਰ ਸਿੰਘ ਵਾਸੀ ਨਕੋਦਰ (ਜਲੰਧਰ) ਸੀ, ਜਿਹੜਾ ਕਿ ਅਕਤੂਬਰ 2023 ਨੂੰ ਹੀ 12-13 ਲੱਖ ਕਰਜ਼ਾ ਚੁੱਕ ਮਾਪਿਆਂ ਨੇ ਘਰ ਦੀ ਗਰੀਬੀ ਦੂਰ ਕਰਨ 9 ਮਹੀਨਿਆਂ ਵਾਲੇ ਪੇਪਰਾਂ 'ਤੇ ਇਟਲੀ ਭੇਜਿਆ ਸੀ।

PunjabKesari

ਪ੍ਰੈੱਸ ਨੂੰ ਭੁੱਬਾਂ ਮਾਰ ਰੋਂਦੇ ਮਰਹੂਮ ਉਂਕਾਰ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਨੇ ਭਾਰਤ ਤੋਂ ਫੋਨ ਰਾਹੀ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਉਂਕਾਰ ਸਿੰਘ ਜਿਹੜਾ ਕਿ ਇਟਲੀ ਉਨ੍ਹਾੰ ਦਾ ਸਹਾਰਾ ਬਣਨ ਗਿਆ ਸੀ ਪਰ ਅਫ਼ਸੋਸ ਜਦੋਂ ਉਹ ਇਟਲੀ ਗਿਆ ਤਾਂ ਏਜੰਟ ਨੇ ਉਸ ਦੀ ਬਾਂਹ ਨਹੀਂ ਫੜ੍ਹੀ ਜਿਸ ਕਾਰਨ ਉਂਕਾਰ ਸਿੰਘ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਵਾਲੇ ਦਿਨ ਵੀ ਉਹ ਕਤਾਨੀਆ ਤੋਂ ਬਰੇਸ਼ੀਆ ਕੰਮ ਲਈ ਹੀ ਜਾ ਰਿਹਾ ਸੀ ਕਿ ਪ੍ਰੇਸ਼ਾਨੀ ਕਾਰਨ ਰਾਹ ਵਿੱਚ ਹੀ ਉੱਤਰ ਗਿਆ ਜਿੱਥੇ ਇਹ ਭਾਣਾ ਵਰਤ ਗਿਆ। ਜਦੋਂ ਦਾ ਉਂਕਾਰ ਸਿੰਘ ਇਟਲੀ ਗਿਆ ਉਸ ਨੂੰ ਇੱਕ ਦਿਨ ਵੀ ਕੰਮ ਨਹੀਂ ਮਿਲਿਆ ਜਿਸ ਕਾਰਨ ਉਸ ਨੂੰ ਖਰਚਾ ਵੀ ਭੁਪਿੰਦਰ ਸਿੰਘ ਭਾਰਤ ਤੋਂ ਭੇਜਦਾ ਸੀ। ਪਿਛਲੇ ਇੱਕ ਸਾਲ ਵਿੱਚ ਉਸ ਨੇ ਕਰੀਬ ਡੇਢ ਲੱਖ ਰੁਪਈਏ ਉਂਕਾਰ ਸਿੰਘ ਨੂੰ ਖਰਚ ਭੇਜਿਆ।

ਪੜ੍ਹੋ ਇਹ ਅਹਿਮ ਖ਼ਬਰ-4 ਮਹੀਨੇ ਪਹਿਲਾਂ ਅਮਰੀਕਾ ਪੁੱਜੇ ਭਾਰਤੀ ਵਿਦਿਆਰਥੀ ਦਾ ਗੋਲ਼ੀਆਂ ਮਾਰ ਕੇ ਕਤਲ

ਘਟਨਾ ਤੋਂ 2 ਦਿਨ ਪਹਿਲਾਂ ਵੀ 20 ਹਜ਼ਾਰ ਰੁਪਏ ਭੇਜੇ। ਭੁਪਿੰਦਰ ਸਿੰਘ ਚਾਹੁੰਦਾ ਸੀ ਕਿਸੇ ਢੰਗ ਨਾਲ ਉਸ ਦੇ ਜਿਗਰ ਦਾ ਟੁੱਕੜਾ ਇਟਲੀ ਸੈੱਟ ਹੋ ਜਾਵੇ। ਮ੍ਰਿਤਕ ਉਂਕਾਰ ਸਿੰਘ ਨੇ ਕੰਮ ਲੱਭਣ ਲਈ ਬਹੁਤ ਕੋਸਿ਼ਸ ਕੀਤੀ ਪਰ ਬਿਨ੍ਹਾਂ ਪੇਪਰਾਂ ਕੰਮ ਨਾ ਮਿਲਿਆ ਜਿਸ ਦੇ ਚੱਲਦਿਆਂ ਉਸ ਨੇ ਦਿਮਾਗ 'ਤੇ ਬੋਝ ਪਾ ਲਿਆ। ਭੁਪਿੰਦਰ ਸਿੰਘ ਨੇ ਉਨ੍ਹਾਂ ਤਮਾਮ ਟ੍ਰੈਵਲ ਏਜੰਟਾਂ ਨੂੰ ਦੁੱਖੀ ਹੁੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਨੌਜਵਾਨ ਨਾਲ ਅਜਿਹਾ ਧੋਖਾ ਨਾ ਕਰਨ ਤੇ ਸਹੀ ਢੰਗ ਨਾਲ ਇਟਲੀ ਨੌਜਵਾਨਾਂ ਦੇ ਪੇਪਰ ਜਮ੍ਹਾਂ ਕਰਵਾਕੇ ਪੀ ਆਰ ਲੈਕੇ ਦੇਣ। ਮੋਟੀਆਂ-ਮੋਟੀਆਂ ਰਕਮਾਂ ਲੈਕੇ ਜਿਹੜੇ ਏਜੰਟ ਧੋਖਾ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਭੁਪਿੰਦਰ ਸਿੰਘ ਨੇ ਭਾਰਤੀ ਅੰਬੈਂਸੀ ਰੋਮ ਤੇ ਇਟਲੀ ਦੇ ਭਾਰਤੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਲਾਡਲੇ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਜਿਸ ਤਰ੍ਹਾਂ ਭਾਰਤੀ ਨੌਜਵਾਨਾਂ 9 ਮਹੀਨਿਆਂ ਵਾਲੇ ਪੇਪਰਾਂ 'ਤੇ ਧੜਾਧੜ ਆ ਰਹੇ ਹਨ ਉਹ ਵੀ ਸਿਰਫ਼ ਇਟਲੀ ਐਂਟਰੀ ਵਿੱਚ ਅਜਿਹੇ ਨੌਜਵਾਨ ਜਦੋਂ ਇਟਲੀ ਆਕੇ ਪੇਪਰ ਨਹੀਂ ਬਣਾ ਪਾਉਂਦੇ ਤਾਂ ਬਹੁਤ ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਬਹੁਤੇ ਨੌਜਵਾਨ ਕਰਜ਼ਾ ਚੁੱਕ ਆਏ ਹੁੰਦੇ ਹਨ ਜਿਨ੍ਹਾਂ ਨੂੰ ਇਟਲੀ ਆਕੇ ਵੀ ਭੱਵਿਖ ਧੁੰਧਲਾ ਹੀ ਲੱਗਦਾ ਹੈ ਜਿਸ ਕਾਰਨ ਇਹ ਜਾਂ ਤਾਂ ਨਸ਼ਿਆਂ ਵਿੱਚ ਪੈਕੇ ਸੜਕਾਂ 'ਤੇ ਬੈਠ ਭੀਖ ਮੰਗਣ ਲੱਗਦੇ ਹਨ ਜਾਂ ਫਿਰ ਉਂਕਾਰ ਸਿੰਘ ਵਾਂਗਰ ਵਕਤ ਦੇ ਧੱਕੇ ਚੜ੍ਹ ਮੌਤ ਨੂੰ ਗਲੇ ਲਾਉਣਾ ਹੀ ਠੀਕ ਸਮਝਦੇ ਹਨ। ਇਟਲੀ ਵਿੱਚ ਅਜਿਹੇ ਦਿਮਾਗੀ ਪ੍ਰੇਸ਼ਾਨੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News