ਕੈਨੇਡਾ: ਪੰਜਾਬਣ ਨੇ ਹਸਪਤਾਲ ਦੀ ਲਾਬੀ ’ਚ ਦਿੱਤਾ ਬੱਚੇ ਨੂੰ ਜਨਮ, ਫਰੇਜ਼ਰ ਹੈਲਥ ਨੇ ਮੰਗੀ ਮੁਆਫ਼ੀ
Saturday, Jan 15, 2022 - 04:06 PM (IST)
ਸਰੀ : ਕੈਨੇਡਾ ਵਿਚ ਇਕ ਗਰਭਵਤੀ ਪੰਜਾਬਣ ਵੱਲੋਂ ਸਰੀ ਮੈਮੋਰੀਅਲ ਹਸਪਤਾਲ ਦੀ ਲਾਬੀ ਵਿਚ ਬੱਚੇ ਨੂੰ ਜਨਮ ਦੇਣ ਦੀ ਘਟਨਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਇਸ ਘਟਨਾ ਮਗਰੋਂ ਫ਼ਰੇਜ਼ਰ ਹੈਲਥ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਸਿੱਖ ਡਰਾਈਵਰ ਦਾ ਬਿਆਨ ਆਇਆ ਸਾਹਮਣੇ
ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਵਨਦੀਪ ਕੌਰ ਸਮਰਾ ਨੂੰ ਜਣੇਪੇ ਦਾ ਦਰਦ ਹੋਣ ’ਤੇ ਪਹਿਲੀ ਵਾਰ 25 ਦਸੰਬਰ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਹਸਪਤਾਲ ਵਾਲਿਆਂ ਨੇ 2 ਘੰਟੇ ਨਿਗਰਾਨੀ ਕਰਨ ਮਗਰੋਂ ਪਵਨਦੀਪ ਨੂੰ ਘਰ ਭੇਜ ਦਿਤਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਗਗਨਦੀਪ ਸਿੰਘ ਬੰਧਨ ਵੀ ਮੌਜੂਦ ਸਨ। ਹਾਲਾਂਕਿ ਦਰਦ ਹੋਰ ਵਧਣ ਕਾਰਨ ਪਵਨਦੀਪ ਆਪਣੇ ਪਤੀ ਗਗਨਦੀਪ ਸਿੰਘ ਨਾਲ ਮੁੜ ਹਸਪਤਾਲ ਆ ਗਈ, ਜਿੱਥੇ ਉਸ ਨੂੰ ਦਰਦ ਨਿਵਾਰਕ ਦਵਾਈ ਦਿੱਤੀ ਗਈ ਅਤੇ 2 ਤੋਂ 3 ਘੰਟੇ ਉਡੀਕ ਕਰਨ ਤੋਂ ਬਾਅਦ ਮੁੜ ਘਰ ਭੇਜ ਦਿੱਤਾ ਗਿਆ। ਤੀਜੀ ਵਾਰ ਜੋੜਾ ਫਿਰ ਹਸਪਤਾਲ ਵਾਪਸ ਆਇਆ। ਇਸੇ ਤਰ੍ਹਾਂ ਜਦੋਂ ਜੋੜਾ ਚੌਥੀ ਵਾਰ ਹਸਪਤਾਲ ਪਹੁੰਚਿਆ ਤਾਂ ਕਾਰ ਵਿਚੋਂ ਬਾਹਰ ਨਿਕਲਦੇ ਹੀ ਪਵਨਦੀਪ ਨੇ ਬਰਥ ਯੂਨਿਟ ਲਾਬੀ ਦੇ ਨੇੜੇ ਬੱਚੇ ਨੂੰ ਜਨਮ ਦੇ ਦਿੱਤਾ।
ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ
ਪਵਨਦੀਪ ਮੁਤਾਬਕ ਉਸ ਨੇ ਉਥੇ ਇਕ ਮਹਿਲਾ ਸੁਰੱਖਿਆ ਗਾਰਡ ਨੂੰ ਕਿਸੇ ਡਾਕਟਰ ਜਾਂ ਨਰਸ ਨੂੰ ਬੁਲਾਉਣ ਲਈ ਕਿਹਾ, ਕਿਉਂਕਿ ਉਹ ਬੱਚੇ ਨੂੰ ਜਨਮ ਦੇ ਚੁੱਕੀ ਸੀ। ਸੁਰੱਖਿਆ ਗਾਰਡ ਨੇ ਉਸ ਲਈ ਵ੍ਹੀਲਚੇਅਰ ਲਿਆਂਦੀ ਅਤੇ ਫਿਰ ਸਟਾਫ਼ ਵੀ ਆ ਗਿਆ। ਪਵਨਦੀਪ ਨੇ ਕਿਹਾ ਕਿ ਗਾਰਡ ਅਤੇ ਸਟਾਫ਼ ਦੋਵੇਂ ਘਬਰਾ ਗਏੇ ਸਨ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਬੱਚਾ ਠੀਕ ਹੈ। ਉਥੇ ਹੀ ਫਰੇਜ਼ਰ ਹੈਲਥ ਨੇ ਕਿਹਾ, ‘ਸਾਨੂੰ ਸਰੀ ਮੈਮੋਰੀਅਲ ਹਸਪਤਾਲ ਵਿਚ ਇਸ ਤਰ੍ਹਾਂ ਦੇ ਅਨੁਭਵ ਬਾਰੇ ਸੁਣ ਕੇ ਅਫ਼ਸੋਸ ਹੋਇਆ। ਅਸੀਂ ਹਰੇਕ ਨੂੰ ਸੁਰੱਖਿਅਤ ਅਤੇ ਸਮੇਂ ਸਿਰ ਦੇਖ਼ਭਾਲ ਕਰਨ ਲਈ ਵਚਨਬੱਧ ਹਾਂ। ਇਸ ਕੇਸ ਵਿਚ ਕੀ ਹੋਇਆ ਇਹ ਦੇਖਣ ਲਈ ਜਾਂਚ ਕਰਨ ਤੋਂ ਇਲਾਵਾ ਅਸੀਂ ਮਰੀਜ਼ ਅਤੇ ਉਨ੍ਹਾਂ ਦੇ ਬੱਚੇ ਬਾਰੇ ਜਾਣਨ ਲਈ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਾਂਗੇ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਅਗਵਾ ਦੇ ਮਾਮਲੇ ’ਚ 5 ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।