ਜਬਰ-ਜ਼ਨਾਹ ਦੇ ਦੋਸ਼ ਹੇਠ ਆਸਟ੍ਰੇਲੀਆ ਵਿਚ ਪੰਜਾਬੀ ਨੌਜਵਾਨ ਨੂੰ ਸਾਢੇ ਪੰਜ ਸਾਲ ਕੈਦ
Saturday, Sep 14, 2019 - 12:42 AM (IST)
ਮੈਲਬੌਰਨ, (ਵੈਬ ਡੈਸਕ)- ਆਸਟ੍ਰੇਲੀਆ ਦੀ ਕੰਟਰੀ ਕੋਰਟ ਆਫ ਵਿਕਟੋਰਿਆ ਵਲੋਂ ਉਬਰ ਚਾਲਕ ਪੰਜਾਬੀ ਨੌਜਵਾਨ ਨੂੰ ਜਬਰ-ਜ਼ਨਾਹ ਦੇ ਦੋਸ਼ ਅਧੀਨ 5 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਉਕਤ ਨੌਜਵਾਨ ਨੂੰ 3 ਸਾਲ 4 ਮਹੀਨੇ ਤਕ ਕੋਈ ਪੈਰੋਲ ਨਾ ਦਿੱਤੀ ਜਾਵੇ। ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਜੋ ਕਿਸੇ ਹੋਰ ਦੀ ਆਈ. ਡੀ. ਉਤੇ ਉਬਰ ਗੱਡੀ ਚਲਾਉਂਦਾ ਸੀ। ਬੀਤੇ ਸਾਲ ਦਸੰਬਰ 2018 ਵਿਚ ਇਕ ਗਾਹਕ, ਜੋ ਕਿ ਬੇਹੱਦ ਸ਼ਰਾਬੀ ਹਾਲਤ ਵਿਚ ਸੀ, ਨੂੰ ਉਸਦੇ ਹੀ ਘਰ ਲਿਜਾ ਕੇ ਉਸ ਨੇ ਜਬਰ-ਜ਼ਨਾਹ ਕੀਤਾ। ਉਕਤ ਔਰਤ, ਜੋ ਕਿ ਪੇਸ਼ੇ ਵਜੋਂ ਨਰਸ ਸੀ, ਆਪਣੇ ਦੌਸਤਾਂ ਨਾਲ ਕ੍ਰਿਸਮਿਸ ਪਾਰਟੀ ਮਨਾ ਕੇ ਘਰ ਆ ਰਹੀ ਸੀ।
ਜਬਰ-ਜ਼ਨਾਹ ਹੋਣ ਤੋਂ ਬਾਅਦ ਜਦ ਉਕਤ ਔਰਤ ਨੂੰ ਹੋਸ਼ ਆਇਆ ਤਾਂ ਉਸ ਨੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਨਪ੍ਰੀਤ ਸਿੰਘ ਨੂੰ ਅਗਲੇ ਹੀ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ 2009 ਵਿਚ ਇਥੇ ਆਇਆ ਸੀ ਅਤੇ ਬੀਜ਼ਿੰਗ ਵੀਜ਼ੇ ਉਤੇ ਰਹਿ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਮਨਪ੍ਰੀਤ ਦੀ ਸਜ਼ਾ ਪੂਰੀ ਹੁੰਦੇ ਸਾਰ ਹੀ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ।
