ਕੈਨੇਡਾ ''ਚ ਪੰਜਾਬੀ ਨੂੰ ਬਿਹਤਰੀਨ ਕੈਬ ਡਰਾਈਵਰ ਵਜੋਂ ਦਿੱਤਾ ਗਿਆ ਸਨਮਾਨ

Thursday, Oct 10, 2019 - 12:51 AM (IST)

ਕੈਨੇਡਾ ''ਚ ਪੰਜਾਬੀ ਨੂੰ ਬਿਹਤਰੀਨ ਕੈਬ ਡਰਾਈਵਰ ਵਜੋਂ ਦਿੱਤਾ ਗਿਆ ਸਨਮਾਨ

ਕੈਲਗਰੀ (ਏਜੰਸੀ)- ਕੈਲਗਰੀ ਦੇ ਜਤਿੰਦਰ ਸਿੰਘ ਤਤਲਾ ਨੂੰ ਅਮਰੀਕਾ ਦੀ ਸੰਸਥਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਟਰਾਂਸਪੋਰਟੇਸ਼ਨ ਰੈਗੂਲੇਟਰਜ਼ (ਆਈ.ਏ.ਟੀ.ਆਰ.) ਨੇ ਇਸ ਸਾਲ ਦਾ ਬਿਹਤਰੀਨ ਕੈਬ ਡਰਾਈਵਰ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਕੈਲਗਰੀ ਵਿਚ ਪਿਛਲੇ ਦਿਨੀਂ ਹੋਏ ਸਨਮਾਨ ਸਮਾਰੋਹ ਦੌਰਾਨ ਦਿੱਤਾ ਗਿਆ। ਉਨ੍ਹਾਂ ਨੂੰ ਟੈਕਸੀ ਕਿੱਤੇ ਵਿਚ ਲੋਕ ਜੈਸ ਤਤਲਾ ਤੇ ਪੰਜਾਬੀ ਭਾਈਚਾਰੇ ਵਿੱਚ ਜਤਿੰਦਰ ਸਿੰਘ ਲੰਮਾ ਦੇ ਨਾਂ ਨਾਲ ਜਾਣਦੇ ਹਨ। ਲੁਧਿਆਣਾ ਜ਼ਿਲੇ ਦੇ ਪਿੰਡ ਲੰਮਾ (ਨੇੜੇ ਰਾਏਕੋਟ) ਨਾਲ ਸਬੰਧਿਤ 41 ਸਾਲਾ ਜਤਿੰਦਰ ਸਿੰਘ ਪਿਛਲੇ ਡੇਢ ਦਹਾਕੇ ਤੋਂ ਕੈਲਗਰੀ ਵਿਚ ਰਹਿ ਰਹੇ ਹਨ। ਉਹ ਪਿਛਲੇ 10 ਸਾਲ ਤੋਂ ਟੈਕਸੀ ਚਲਾ ਰਹੇ ਹਨ ਤੇ ਤਿੰਨ ਸਾਲ ਤੋਂ ਉਹ ਕੈਲਗਰੀ ਦੀ ਟੈਕਸੀ ਕੰਪਨੀ ਚੈਕਰ ਕੈਬ ਵਿਚ ਕੰਮ ਕਰ ਰਹੇ ਹਨ।

ਚੈਕਰ ਕੈਬ ਦੇ ਪ੍ਰਧਾਨ ਕੁਰਟ ਐਂਡਰਜ਼ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ ਜਤਿੰਦਰ ਵਰਗੇ ਡਰਾਈਵਰਾਂ 'ਤੇ ਮਾਣ ਹੈ। ਇਸੇ ਸਾਲ ਜਤਿੰਦਰ ਸਿੰਘ ਨੂੰ ਕੈਲਗਰੀ ਦੇ ਟੂਰ ਵਿਭਾਗ ਵਲੋਂ ਵੀ ਕੈਲਗਰੀ ਦਾ ਬਿਹਤਰੀਨ ਕੈਬ ਡਰਾਈਵਰ ਨਿਵਾਜਿਆ ਜਾ ਚੁੱਕਾ ਹੈ। ਗੱਲਬਾਤ ਦੌਰਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਕੰਮ ਨੂੰ ਹਮੇਸ਼ਾ ਹੀ ਮਿਹਨਤ ਤੇ ਖੁਸ਼ਮਿਜਾਜ਼ ਸੁਭਾਅ ਨਾਲ ਕੀਤਾ ਹੈ, ਜਿਸ ਕਾਰਨ ਗਾਹਕ ਹਮੇਸ਼ਾ ਹੀ ਉਨ੍ਹਾਂ ਨਾਲ ਸਫਰ ਕਰਨਾ ਪਸੰਦ ਕਰਦੇ ਹਨ। ਇਸ ਸਾਲ ਦਾ ਵੱਡਾ ਸਨਮਾਨ ਹਾਸਲ ਕਰਨ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧੀ ਹਾਜ਼ਰ ਸੀ। ਜਤਿੰਦਰ ਨੇ ਦੱਸਿਆ ਕਿ ਉਹ ਮਿਹਨਤ ਕਰਕੇ ਆਪਣੇ ਬੱਚਿਆਂ ਲਈ ਮਿਸਾਲ ਬਣਨਾ ਚਾਹੁੰਦੇ ਹਨ। ਜਤਿੰਦਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਮੇਂ 1300 ਦੇ ਕਰੀਬ ਪੱਕੇ ਗਾਹਕ ਹਨ ਤੇ ਉਹ ਰੋਜ਼ਾਨਾ 30 ਗਾਹਕਾਂ ਨੂੰ ਸੇਵਾਵਾਂ ਦਿੰਦੇ ਹਨ।


author

Sunny Mehra

Content Editor

Related News