ਲੰਡਨ ਹਮਲੇ ਨੂੰ ਰੋਕਣ ਲਈ ਪੰਜਾਬੀ ਮੂਲ ਦੇ ਨੌਜਵਾਨ ਨੇ ਕੀਤੀ ਸੀ ਕੋਸ਼ਿਸ਼

02/05/2020 3:16:36 PM

ਲੰਡਨ— ਐਤਵਾਰ ਨੂੰ ਲੰਡਨ 'ਚ ਆਈ. ਐੱਸ. ਅੱਤਵਾਦੀ ਸੁਦੇਸ਼ ਅੱਮਾਨ ਨੇ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਅੱਤਵਾਦੀ ਨੇ ਜਦ ਚਾਕੂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਪੰਜਾਬੀ ਮੂਲ ਦੇ ਨੌਜਵਾਨ ਜਗਮੋਨ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬਚ ਕੇ ਨਿਕਲ ਗਿਆ। ਜਗਮੋਨ ਨੇ ਬਹਾਦਰੀ ਨਾਲ ਅੱਤਵਾਦੀ ਅੱਮਾਨ ਹੱਥੋਂ ਚਾਕੂ ਖੋਹਣ ਦੀ ਕੋਸ਼ਿਸ਼ ਕੀਤੀ ਪਰ ਅੱਤਵਾਦੀ ਭੱਜ ਕੇ ਬਾਹਰ ਗਿਆ ਤੇ ਉਸ ਨੇ ਇਕ ਔਰਤ ਤੇ ਇਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਅੱਮਾਨ ਪਹਿਲਾਂ ਵੀ ਲਗਭਗ ਤਿੰਨ ਸਾਲ ਦੀ ਸਜ਼ਾ ਭੁਗਤ ਕੇ ਜੇਲ 'ਚੋਂ ਆਇਆ ਸੀ।

ਜਗਮੋਨ ਦੇ ਭਰਾ ਨੇ ਦੱਸਿਆ ਕਿ ਦੁਕਾਨ 'ਚ ਖੜ੍ਹੇ ਅੱਤਵਾਦੀ ਨੇ ਜਦ ਦੇਖਿਆ ਕਿ ਉਸ ਨੂੰ ਕੋਈ ਨਹੀਂ ਦੇਖ ਰਿਹਾ ਤਾਂ ਉਸ ਨੇ ਰਸੋਈ 'ਚ ਵਰਤਣ ਵਾਲਾ ਚਾਕੂ ਦੁਕਾਨ 'ਚੋਂ ਚੋਰੀ ਕੀਤਾ। ਜਗਮੋਨ ਨੇ ਸ਼ੱਕੀ ਨੂੰ ਇਸ ਲਈ ਪਛਾਣ ਲਿਆ ਸੀ ਕਿਉਂਕਿ ਇਕ ਹਫਤਾ ਪਹਿਲਾਂ ਵੀ ਉਹ ਉਸ ਦੀ ਦੁਕਾਨ 'ਤੇ ਆਇਆ ਸੀ ਪਰ ਬਿਨਾਂ ਕੁੱਝ ਖਰੀਦੇ ਵਾਪਸ ਚਲਾ ਗਿਆ ਸੀ।
ਜ਼ਿਕਰਯੋਗ ਹੈ ਕਿ ਅੱਤਵਾਦੀ ਸੁਦੇਸ਼ ਅੱਮਾਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤ ਪਹਿਲਾਂ ਬਹੁਤ ਭੋਲਾ ਹੁੰਦਾ ਸੀ ਪਰ ਉਸ ਨੇ ਜਦ ਤੋਂ ਅੱਤਵਾਦੀਆਂ ਨਾਲ ਜੁੜੀਆਂ ਵੀਡੀਓਜ਼ ਦੇਖੀਆਂ ਤਾਂ ਉਸ ਦਾ ਬ੍ਰੇਨ ਵਾਸ਼ ਕਰ ਦਿੱਤਾ ਗਿਆ। ਪੁਲਸ ਨੇ ਵਾਰਦਾਤ ਮਗਰੋਂ ਉਸ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ।


Related News