ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ

Sunday, Dec 23, 2018 - 10:40 AM (IST)

ਨਿਊਜ਼ੀਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ

ਆਕਲੈਂਡ (ਏਜੰਸੀ)— ਨਿਊਜ਼ੀਲੈਂਡ 'ਚ ਸ਼ਨੀਵਾਰ ਸਵੇਰੇ ਇਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਿੱਥੇ ਸਾਰੀ ਦੁਨੀਆ ਇਸ ਸਮੇਂ ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰੀਆਂ ਕਰ ਰਹੀ ਹੈ, ਉੱਥੇ ਪੰਜਾਬੀ ਦੀ ਮੌਤ ਦੀ ਖਬਰ ਸੁਣ ਕੇ ਸਭ ਦਾ ਦਿਲ ਦਹਿਲ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ 22 ਸਾਲਾ ਤਰਨਦੀਪ ਸਿੰਘ ਦਿਓਲ ਵਜੋਂ ਹੋਈ ਹੈ। ਨਿਊਜ਼ੀਲੈਂਡ ਦੇ ਟਰੋਂਗਾ ਨੇੜਲੇ ਕਸਬੇ ਟੀ ਪੂਨਾ ਵਿਖੇ ਸੜਕ ਹਾਦਸਾ ਵਾਪਰਿਆ।

ਜਾਣਕਾਰੀ ਮੁਤਾਬਕ ਤਰਨਦੀਪ ਆਦਮਪੁਰ ਨੇੜਲੇ ਪਿੰਡ ਹਰੀਪੁਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਦੋਸਤ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਖੱਡ 'ਚ ਡਿੱਗ ਗਈ। ਇਸ ਕਾਰਨ ਤਰਨਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਦੋਸਤ ਜ਼ਖਮੀ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਉਹ 2015 'ਚ ਆਪਣੇ ਸੁਨਹਿਰੇ ਭਵਿੱਖ ਲਈ ਵਿਦਿਆਰਥੀ ਵੀਜ਼ੇ 'ਤੇ ਨਿਊਜ਼ੀਲੈਂਡ ਗਿਆ ਸੀ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ਦੌਰਾਨ 4 ਲੋਕਾਂ ਦੀ ਮੌਤ ਸੜਕ ਹਾਦਸਿਆਂ ਕਾਰਨ ਹੋਈ ਹੈ। ਉਨ੍ਹਾਂ ਲੋਕਾਂ ਨੂੰ ਵਧੇਰੇ ਧਿਆਨ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸੀਟ ਬੈਲਟ ਲਗਾ ਕੇ ਹੀ ਗੱਡੀਆਂ ਚਲਾਈਆਂ ਜਾਣ ਤਾਂ ਕਿ ਹਾਦਸਾ ਵਾਪਰਨ 'ਤੇ ਘੱਟ ਨੁਕਸਾਨ ਹੋਵੇ। ਫਿਲਹਾਲ ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।


Related News