ਵਿਦੇਸ਼ਾਂ ''ਚ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ: ''ਰੂਹ ਪੰਜਾਬ ਦੀ'' ਵੱਲੋਂ ਸਮਾਗਮ ਆਯੋਜਿਤ

Monday, Oct 19, 2026 - 12:10 PM (IST)

ਵਿਦੇਸ਼ਾਂ ''ਚ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ: ''ਰੂਹ ਪੰਜਾਬ ਦੀ'' ਵੱਲੋਂ ਸਮਾਗਮ ਆਯੋਜਿਤ

ਮੈਲਬੌਰਨ (ਮਨਦੀਪ ਸਿੰਘ ਸੈਣੀ )-- ਸੱਭਿਆਚਾਰ ਕਿਸੇ ਵੀ ਕੌਮ ਦੀ ਅਸਲ ਪਛਾਣ ਅਤੇ ਉਸ ਦੀਆਂ ਜੜ੍ਹਾਂ ਹੁੰਦਾ ਹੈ ਅਤੇ ਵਿਦੇਸ਼ਾਂ ਦੀ ਚਮਕ-ਧਮਕ ਵਿੱਚ ਵੀ ਆਪਣੀ ਮਾਂ-ਬੋਲੀ, ਰਹਿਣੀ-ਬਹਿਣੀ ਅਤੇ ਵਿਰਸੇ ਨਾਲ ਜੁੜੇ ਰਹਿਣਾ ਹਰ ਪੰਜਾਬੀ ਦਾ ਸਭ ਤੋਂ ਵੱਡਾ ਫ਼ਰਜ਼ ਹੈ। ਇਸੇ ਸੱਭਿਆਚਾਰਕ ਸਾਂਝ ਨੂੰ ਹੋਰ ਗੂੜੀ ਕਰਨ ਅਤੇ ਸੱਤ ਸਮੁੰਦਰੋਂ ਪਾਰ ਵੱਸਦੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਪਿਛੋਕੜ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਮੈਲਬੌਰਨ ਦੇ ਹੋਪਰਜ਼ ਕਰਾਸਿੰਗ ਇਲਾਕੇ ਵਿੱਚ ਸਥਿਤ ਡ੍ਰੀਮਬਿਲਡਰਜ਼ ਚਰਚ ਵਿਖੇ ਬੀਤੇ ਸ਼ਨੀਵਾਰ ਨੂੰ 'ਰੂਹ ਪੰਜਾਬ ਦੀ' ਭੰਗੜਾ ਅਕੈਡਮੀ ਵੱਲੋਂ ਨੌਵਾਂ ਸਾਲਾਨਾ ਸੱਭਿਆਚਾਰਕ ਸਮਾਗਮ 'ਪੰਜਾਬੀ ਵਿਰਸਾ 2026' ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਜਿਸ ਤਰ੍ਹਾਂ ਅੱਜ ਦੇ ਦੌਰ ਵਿੱਚ ਬੱਚੇ ਆਪਣੀ ਅਮੀਰ ਵਿਰਾਸਤ ਤੋਂ ਦੂਰ ਹੋ ਰਹੇ ਹਨ, ਅਜਿਹੇ ਮੇਲੇ ਉਨ੍ਹਾਂ ਵਿੱਚ ਆਪਣੇ ਵਿਰਸੇ ਪ੍ਰਤੀ ਗੌਰਵ ਅਤੇ ਅਪਣੱਤ ਦੀ ਭਾਵਨਾ ਜਗਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੁੰਦੇ ਹਨ। ਇਸ ਸ਼ਾਨਦਾਰ ਪ੍ਰੋਗਰਾਮ ਦੌਰਾਨ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਅਤੇ ਲੋਕ ਸੰਗੀਤ ਦੀਆਂ ਅਜਿਹੀਆਂ ਬਾਕਮਾਲ ਪੇਸ਼ਕਾਰੀਆਂ ਵੇਖਣ ਨੂੰ ਮਿਲੀਆਂ, ਜਿਨ੍ਹਾਂ ਨੇ ਪੰਜਾਬ ਦੇ ਰਵਾਇਤੀ ਯੂਥ ਫੈਸਟੀਵਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਵਾ ਦਿੱਤਾ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀਆਂ ਜੜ੍ਹਾਂ ਪ੍ਰਤੀ ਪ੍ਰੇਮ ਹੋਰ ਵੀ ਗੂੜ੍ਹਾ ਕਰ ਦਿੱਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕਾ ਨੂੰ ਛੱਡ ਭਾਰਤ ਨਾਲ ਦੋਸਤੀ ਵਧਾਉਣ ਦੀ ਲੋੜ ! ਨੇਤਨਯਾਹੂ ਦੇ'ਤਾ ਵੱਡਾ ਬਿਆਨ

ਇਸ ਰੰਗਾਰੰਗ ਮੇਲੇ ਵਿੱਚ  ਲਗਭਗ 180 ਪ੍ਰਤੀਯੋਗੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਰਵਾਇਤੀ ਪੰਜਾਬੀ ਪਹਿਰਾਵਿਆਂ—ਕੁੜਤੇ -ਚਾਦਰੇ, ਫੁਲਕਾਰੀ ਅਤੇ ਸੱਗੀ-ਫੁੱਲਾਂ ਨਾਲ ਸਜੇ ਛੋਟੇ ਬੱਚਿਆਂ, ਨੌਜਵਾਨਾਂ ਅਤੇ ਮੁਟਿਆਰਾਂ ਵੱਲੋਂ ਪੇਸ਼ ਕੀਤੇ ਗਏ ਭੰਗੜੇ, ਝੂਮਰ, ਗਿੱਧਾ ਅਤੇ ਲੁੱਡੀ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗ ਦਿੱਤਾ। ਢੋਲ ਦੀ ਕੜਕਵੀਂ ਤਾਲ ਅਤੇ ਵੱਖ-ਵੱਖ ਰਵਾਇਤੀ ਸਾਜ਼ਾਂ ਦੀ ਜੁਗਲਬੰਦੀ ਨੇ ਹਾਜ਼ਰੀਨ ਵਿੱਚ ਪੰਜਾਬੀਅਤ ਦਾ ਨਵਾਂ ਜੋਸ਼ ਭਰ ਦਿੱਤਾ, ਜਿੱਥੇ ਉਚੇਚੇ ਤੌਰ 'ਤੇ ਪਹੁੰਚੇ ਢੋਲੀ ਪਰਮਿੰਦਰ ਸਿੰਘ ਬਰਮੀ ਨੇ ਆਪਣੀ ਕਲਾ ਦੇ ਜਾਦੂ ਨਾਲ ਸਭ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।

PunjabKesari

ਸਮਾਗਮ ਦੌਰਾਨ ਅਸਲ ਪੰਜਾਬੀ ਲੋਕ ਗਾਇਕੀ ਅਤੇ ਪ੍ਰਾਚੀਨ ਸਾਜ਼ਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਲੋਕ ਗਾਇਕ ਰਾਜ ਸੋਹਲ ਅਤੇ ਰੂਪ ਪਰਮਾਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਵੰਡਦਿਆਂ ਸਮਾਂ ਬੰਨ੍ਹਿਆ, ਜਦਕਿ ਸੁਖਜਿੰਦਰ ਲਾਡੀ ਵੱਲੋਂ ਅਲਗੋਜ਼ਿਆਂ ਦੀਆਂ ਛੇੜੀਆਂ ਗਈਆਂ ਮਧੁਰ ਧੁਨਾਂ ਨੇ ਸਾਡੇ ਪ੍ਰਾਚੀਨ ਸੰਗੀਤਕ ਵਿਰਸੇ ਦੀ ਝਲਕ ਪੇਸ਼ ਕਰਦਿਆਂ ਸਮੁੱਚੇ ਮਾਹੌਲ ਨੂੰ ਹੋਰ ਵੀ ਸੁਰਮਈ ਅਤੇ ਯਾਦਗਾਰੀ ਬਣਾ ਦਿੱਤਾ। ਪ੍ਰੋਗਰਾਮ ਦੀ ਸਟੇਜ ਦੀ ਕਾਰਵਾਈ ਨੂੰ ਬਾਖ਼ੂਬੀ ਨਿਭਾਉਂਦਿਆਂ ਜਗਦੀਪ ਸਿੰਘ ਸਿੱਧੂ ਅਤੇ ਸੰਦੀਪ ਕੌਰ ਨੇ ਆਪਣੀ ਦਿਲਚਸਪ ਸ਼ੇਅਰੋ-ਸ਼ਾਇਰੀ ਅਤੇ ਲੋਕ-ਬੋਲੀਆਂ ਨਾਲ ਦਰਸ਼ਕਾਂ ਨੂੰ ਆਪਣੀ ਮਾਂ-ਬੋਲੀ ਦੀ ਮਿਠਾਸ ਦਾ ਅਹਿਸਾਸ ਕਰਵਾਇਆ।

PunjabKesari
ਇਹ ਵਿਸ਼ਾਲ ਸੱਭਿਆਚਾਰਕ ਕਾਰਜ ਅਕੈਡਮੀ ਦੇ ਮੁੱਖ ਪ੍ਰਬੰਧਕ ਅਤੇ ਭੰਗੜਾ ਕੋਚ ਮਨਜਿੰਦਰ ਸਿੰਘ ਸੈਣੀ , ਹਰਜੀਤ ਸਿੰਘ ਅਤੇ ਸਮੁੱਚੀ ਪ੍ਰਬੰਧਕੀ ਟੀਮ ਦੀ ਯੋਗ ਅਗਵਾਈ ਹੇਠ ਨੇਪਰੇ ਚੜ੍ਹਿਆ, ਜੋ ਪਿਛਲੇ ਲੰਮੇ ਸਮੇਂ ਤੋਂ ਪਰਦੇਸਾਂ ਵਿੱਚ ਪੰਜਾਬੀ ਵਿਰਾਸਤ ਦੀ ਸ਼ਮ੍ਹਾਂ ਰੋਸ਼ਨ ਕਰਦੇ ਆ ਰਹੇ ਹਨ। ਪ੍ਰੋਗਰਾਮ ਦੇ ਅਖ਼ੀਰ ਵਿੱਚ ਪ੍ਰਬੰਧਕਾਂ ਵੱਲੋਂ ਮਹਿਮਾਨਾਂ, ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹਿੱਸਾ ਲੈਣ ਵਾਲੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਦਰਸ਼ਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸਾਡਾ ਮੁੱਖ ਮਨੋਰਥ ਬੱਚਿਆਂ ਨੂੰ ਆਪਣੇ ਵਿਰਸੇ ਦਾ ਮੁਹਾਂਦਰਾ ਵਿਖਾਉਣਾ ਹੈ, ਅਤੇ ਵਿਦੇਸ਼ਾਂ ਵਿੱਚ ਪੰਜਾਬੀਅਤ ਦੀ ਸ਼ਾਨ ਨੂੰ ਬੁਲੰਦ ਰੱਖਣ ਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਅਜਿਹੇ ਸੱਭਿਆਚਾਰਕ ਉਪਰਾਲੇ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News