ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼ ਸਨਮਾਨ!
Tuesday, Oct 06, 2026 - 02:12 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ ): ਪੰਜਾਬੀ ਲੋਕਧਾਰਾ ਅਤੇ ਵਿਰਸੇ ਦੀ ਮਹਿਕ ਨੂੰ ਸੱਤ ਸਮੁੰਦਰੋਂ ਪਾਰ ਫੈਲਾਉਣ ਵਾਲੇ ਪ੍ਰਸਿੱਧ ਲੋਕ ਗਾਇਕ ਪੰਮੀ ਬਾਈ ਨੇ ਆਸਟ੍ਰੇਲੀਆਈ ਸੰਸਦ ਵਿੱਚ ਇੱਕ ਹੋਰ ਇਤਿਹਾਸਕ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਭੰਗੜਾ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਮੀ ਬਾਈ ਦਾ ਮੈਲਬੌਰਨ ਸਥਿਤ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਉਚੇਚੇ ਤੌਰ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬੀ ਲੋਕ ਗਾਇਕੀ, ਲੋਕ ਕਲਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਪ੍ਰਫੁੱਲਤ ਕਰਨ ਲਈ ਪਾਏ ਵੱਡੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਵਿਕਟੋਰੀਆਈ ਸੰਸਦ ਮੈਂਬਰ ਲੀ ਟਾਰਲਾਮਿਸ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ।

ਇਸ ਦੌਰਾਨ ਪੰਮੀ ਬਾਈ ਨੇ ਪਾਰਲੀਮੈਂਟ ਹਾਊਸ ਦਾ ਦੌਰਾ ਕਰਦਿਆਂ ਸੰਸਦ ਮੈਂਬਰ ਨਾਲ ਆਪਣੀ ਸੰਗੀਤਕ ਯਾਤਰਾ, ਕਲਾਤਮਕ ਤਜਰਬਿਆਂ ਅਤੇ ਪੰਜਾਬੀ ਵਿਰਸੇ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਇਸ ਸਨਮਾਨ ਲਈ ਆਸਟ੍ਰੇਲੀਆਈ ਸੰਸਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਪੰਜਾਬੀ ਮਾਂ-ਬੋਲੀ ਦਾ ਸਤਿਕਾਰ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਸਨਮਾਨ ਸਮਾਰੋਹ ਦੌਰਾਨ ਕੁਲਬੀਰ ਕੈਮ, ਹਰਮਨਦੀਪ ਸਿੰਘ, ਤਨਵੀਰ ਬੇਦੀ ਅਤੇ ਪਰਮਸ਼ਿਵਰਾਜ ਸਿੰਘ ਸਿੱਧੂ ਵੀ ਉਚੇਚੇ ਤੌਰ 'ਤੇ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਮੂਲ ਦੀ ਵਿਦਿਆਰਥਣ ਬਣੀ 'ਮਿਸ ਇੰਡੀਆ ਵਰਲਡਵਾਈਡ 2026'
ਇਸ ਦੌਰੇ ਦੌਰਾਨ 'ਜਗ ਬਾਣੀ' ਨਾਲ ਕੀਤੀ ਵਿਸ਼ੇਸ਼ ਗੱਲਬਾਤ ਵਿੱਚ ਪੰਮੀ ਬਾਈ ਨੇ ਪੰਜਾਬੀ ਸੱਭਿਆਚਾਰ ਅਤੇ ਖੇਡ ਜਗਤ ਲਈ ਇੱਕ ਇਤਿਹਾਸਕ ਯੋਜਨਾ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ 'ਨੈਸ਼ਨਲ ਸਪੋਰਟਸ ਭੰਗੜਾ ਫੈਡਰੇਸ਼ਨ' ਦੇ ਬੈਨਰ ਹੇਠ ਉਹ ਕ੍ਰਿਕਟ ਦੀ ਆਈ.ਪੀ.ਐੱਲ. ਦੀ ਤਰਜ਼ 'ਤੇ 'ਸਪੋਰਟਸ ਭੰਗੜਾ ਲੀਗ' ਸ਼ੁਰੂ ਕਰਨ ਜਾ ਰਹੇ ਹਨ। 1953 ਵਿੱਚ ਭਾਜੀ ਮਨੋਹਰ, ਦੀਪਕ, ਉਸਤਾਦ ਭਾਨਾ ਰਾਮ ਸੁਨਾਮੀ, ਮੰਗਲ ਸੁਨਾਮੀ, ਦੀਪਕ ਬਰਦਰਜ਼, ਚਮਨ ਲਾਲ ਰਾਣਾ ਅਤੇ ਬਾਜ਼ੀਗਰ ਭਾਈਚਾਰੇ ਦੁਆਰਾ ਸ਼ੁਰੂ ਕੀਤੇ ਗਏ ਭੰਗੜੇ ਦੇ ਪੁਰਾਤਨ 'ਖੇਡ ਅਤੇ ਨਾਚ' ਦੇ ਸੁਮੇਲ ਨੂੰ ਮੁੜ ਸੁਰਜੀਤ ਕਰਨਾ ਇਸ ਫੈਡਰੇਸ਼ਨ ਦਾ ਮੁੱਖ ਮਕਸਦ ਹੈ। ਇਸ ਲੀਗ ਰਾਹੀਂ ਭੰਗੜਾ ਕਲਾਕਾਰਾਂ, ਕੋਚਾਂ ਅਤੇ ਜੱਜਾਂ ਨੂੰ ਹੋਰ ਖੇਡ ਲੀਗਾਂ ਵਾਂਗ ਸਨਮਾਨਜਨਕ ਮਿਹਨਤਾਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਗਲੇ 2 ਤੋਂ 4 ਸਾਲਾਂ ਅੰਦਰ ਭਾਰਤ ਸਰਕਾਰ ਤੋਂ ਭੰਗੜੇ ਨੂੰ ਖੇਡ ਵਜੋਂ ਅਧਿਕਾਰਤ ਮਾਨਤਾ ਦਿਵਾਉਣ ਦੀ ਮੰਗ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦਾ ਵੱਡਾ ਸਮਾਜਿਕ ਟੀਚਾ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣਾ, ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
