ਸੁਰਾਂ ਦੇ ਮਾਣਕ ਮਾਸਟਰ ਸਲੀਮ, ਸਰਦਾਰ ਅਲੀ ਅਤੇ ਹਰਦੇਵ ਮਾਹੀਨੰਗਲ ਬੈਲਾਰੈਟ ਦੀਵਾਲੀ ਮੇਲੇ ''ਚ ਬੰਨ੍ਹਣਗੇ ਰੰਗ

Monday, Oct 19, 2026 - 12:29 PM (IST)

ਸੁਰਾਂ ਦੇ ਮਾਣਕ ਮਾਸਟਰ ਸਲੀਮ, ਸਰਦਾਰ ਅਲੀ ਅਤੇ ਹਰਦੇਵ ਮਾਹੀਨੰਗਲ ਬੈਲਾਰੈਟ ਦੀਵਾਲੀ ਮੇਲੇ ''ਚ ਬੰਨ੍ਹਣਗੇ ਰੰਗ

ਮੈਲਬੌਰਨ (ਮਨਦੀਪ ਸਿੰਘ ਸੈਣੀ )- ਸੱਤ ਸਮੁੰਦਰੋਂ ਪਾਰ ਜਦੋਂ ਕੋਈ ਆਪਣੇ ਦੇਸ਼ ਤੋਂ ਦੂਰ ਵੱਸਦਾ ਹੈ, ਤਾਂ ਉਸ ਦਾ ਸਭ ਤੋਂ ਵੱਡਾ ਸਰਮਾਇਆ ਉਸ ਦਾ ਵਿਰਸਾ, ਉਸ ਦੇ ਤਿਉਹਾਰ ਅਤੇ ਉਸ ਦੀ ਬੋਲੀ ਹੁੰਦੀ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਦੀਵਾਲੀ ਦਾ ਤਿਉਹਾਰ ਕੇਵਲ ਦੀਪਮਾਲਾ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਆਪਣੇਪਣ, ਸਾਂਝੀਵਾਲਤਾ ਅਤੇ ਅਮੀਰ ਸੱਭਿਆਚਾਰ ਨੂੰ ਜਿਉਂਦਾ ਰੱਖਣ ਦਾ ਇੱਕ ਖ਼ਾਸ ਜ਼ਰੀਆ ਹੈ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ, ਇਸ ਵਾਰ ਬੈਲਾਰੈਟ ਸ਼ਹਿਰ ਵਿਖੇ  ਬੈਲਾਰੈਟ ਦੀਵਾਲ਼ੀ ਮੇਲਾ 2026  ਦਾ ਵੱਡੇ ਪੱਧਰ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। 

ਅਜਿਹੇ ਸੱਭਿਆਚਾਰਕ ਉਪਰਾਲੇ ਇਸ ਗੱਲ ਦਾ ਪ੍ਰਤੀਕ ਹਨ ਕਿ ਭਾਵੇਂ ਭੂਗੋਲਿਕ ਦੂਰੀਆਂ ਕਿੰਨੀਆਂ ਵੀ ਹੋਣ, ਪਰ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੇ ਸੱਭਿਆਚਾਰ ਲਈ ਪਿਆਰ ਕਦੇ ਘੱਟ ਨਹੀਂ ਹੁੰਦਾ।ਵਿਦੇਸ਼ਾਂ ਵਿੱਚ ਜੰਮੀ-ਪਲ਼ੀ ਸਾਡੀ ਨਵੀਂ ਪਨੀਰੀ ਅੱਜ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ, ਪਰ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਵਿਦੇਸ਼ੀ ਧਰਤੀ 'ਤੇ ਭੰਗੜੇ, ਬੋਲੀਆਂ ਅਤੇ ਪੰਜਾਬੀ ਸੰਗੀਤ ਦੀ ਗੂੰਜ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਜਦੋਂ ਬੱਚੇ ਅਤੇ ਨੌਜਵਾਨ ਅਜਿਹੇ ਮੇਲਿਆਂ ਵਿੱਚ ਸ਼ਾਮਲ ਹੁੰਦੇ ਹਨ, ਤਾਂ ਉਹ ਨਾ ਸਿਰਫ਼ ਆਪਣੇ ਤਿਉਹਾਰਾਂ ਤੋਂ ਜਾਣੂ ਹੁੰਦੇ ਹਨ, ਸਗੋਂ ਆਪਣੇ ਅਮੀਰ ਇਤਿਹਾਸ ਅਤੇ ਕਦਰਾਂ-ਕੀਮਤਾਂ 'ਤੇ ਮਾਣ ਵੀ ਮਹਿਸੂਸ ਕਰਦੇ ਹਨ।

ਇਹ ਸ਼ਾਨਦਾਰ ਦੀਵਾਲੀ ਮੇਲਾ 24 ਅਕਤੂਬਰ 2026, ਦਿਨ ਸ਼ਨੀਵਾਰ ਨੂੰ ਬੈਲਾਰੈਟ ਸ਼ੋਅ ਗਰਾਊਂਡ ਵਿਖੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਵਿੱਚ ਸੰਗੀਤ ਅਤੇ ਨਾਚ ਦੇ ਰੰਗਾਂ ਨਾਲ ਭਰਪੂਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਮਾਸਟਰ ਸਲੀਮ, ਸਰਦਾਰ ਅਲੀ ਅਤੇ ਹਰਦੇਵ ਮਾਹੀਨੰਗਲ ਆਪਣੇ ਸੁਰੀਲੇ ਨਗਮਿਆਂ ਨਾਲ ਸੁਰਾਂ ਦੀ ਮਹਿਫ਼ਿਲ ਸਜਾਉਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ ਪੂਰੀ ਤਰ੍ਹਾਂ ਪਰਿਵਾਰਕ ਮਾਹੌਲ ਨੂੰ ਧਿਆਨ ਵਿੱਚ ਰੱਖ ਕੇ ਉਲੀਕਿਆ ਗਿਆ ਹੈ ਅਤੇ ਆਉਣ ਵਾਲੇ ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ  ਰੱਖਿਆ ਗਿਆ ਹੈ। ਮੇਲੇ ਦੇ ਮੁੱਖ ਪ੍ਰਬੰਧਕਾਂ ਸੁਲਤਾਨ ਢਿੱਲੋਂ , ਗੁਰਮੇਜ ਸਿੰਘ , ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ  ਨੇ ਬੈਲਾਰੈਟ ਅਤੇ ਆਸ-ਪਾਸ ਦੇ ਸਮੁੱਚੇ ਇਲਾਕਿਆਂ ਵਿੱਚ ਰਹਿਣ ਵਾਲੇ ਪੰਜਾਬੀਆਂ  ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਇਸ ਸੱਭਿਆਚਾਰਕ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News