ਕੌਮਾਂਤਰੀ ਐਥਲੈਟਿਕਸ ਦੇ ਨਾਮਵਰ ਕੋਚ ਮਹਿੰਦਰ ਸਿੰਘ ਢਿੱਲੋਂ ਦਾ ਬ੍ਰਿਸਬੇਨ ’ਚ ਨਿੱਘਾ ਸਵਾਗਤ

Wednesday, Oct 07, 2026 - 10:30 AM (IST)

ਕੌਮਾਂਤਰੀ ਐਥਲੈਟਿਕਸ ਦੇ ਨਾਮਵਰ ਕੋਚ ਮਹਿੰਦਰ ਸਿੰਘ ਢਿੱਲੋਂ ਦਾ ਬ੍ਰਿਸਬੇਨ ’ਚ ਨਿੱਘਾ ਸਵਾਗਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)-  ਭਾਰਤੀ ਐਥਲੈਟਿਕਸ ਨੂੰ ਕੌਮਾਂਤਰੀ ਪੱਧਰ ’ਤੇ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਵਾਲੇ ਉੱਘੇ ਕੋਚ ਅਤੇ ਦਰੋਣਾਚਾਰੀਆ ਐਵਾਰਡੀ ਮਹਿੰਦਰ ਸਿੰਘ ਢਿੱਲੋਂ ਦਾ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਪਹੁੰਚਣ ’ਤੇ ਖੇਡ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਵੱਲੋਂ ਰਸੋਈ ਰੈਸਤਰਾਂ, ਹੈਮਿਲਟਨ ਵਿਖੇ ਕੋਚ ਢਿੱਲੋਂ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ।

ਸਮਾਗਮ ਦੌਰਾਨ ਕੋਚ ਮਹਿੰਦਰ ਸਿੰਘ ਢਿੱਲੋਂ ਨੇ ਖੇਡ ਜਗਤ ਨਾਲ ਜੁੜੇ ਆਪਣੇ ਲੰਮੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਰੀਬ 45 ਵਰ੍ਹੇ ਖਿਡਾਰੀਆਂ ਦੀ ਸਿਖਲਾਈ ਅਤੇ ਖੇਡ ਵਿਕਾਸ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਨੇ ਖੇਡਾਂ ਵਿੱਚ ਸਫਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ, ਅਨੁਸ਼ਾਸਨ, ਲਗਨ ਅਤੇ ਲਗਾਤਾਰ ਅਭਿਆਸ ਨੂੰ ਸਭ ਤੋਂ ਅਹਿਮ ਦੱਸਿਆ।

ਕੋਚ ਮਹਿੰਦਰ ਸਿੰਘ ਢਿੱਲੋਂ ਦੀ ਸਿਖਲਾਈ ਹੇਠ ਕਈ ਨਾਮਵਰ ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਲਈ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ। ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ‘ਜਗਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਨੇ ਖੇਡਾਂ ਵਿੱਚ ਕਾਮਯਾਬੀ ਦੇ ਨੁਕਤਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਆਪਣੇ ਖੇਡ ਜੀਵਨ ਨਾਲ ਜੁੜੇ ਕਈ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ।ਕੋਚ ਢਿੱਲੋਂ ਨੂੰ ਭਾਰਤ ਸਰਕਾਰ ਵੱਲੋਂ ਸਾਲ 2019 ਵਿੱਚ ਵੱਕਾਰੀ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਸਾਲ 2019 ਵਿੱਚ ਏਸ਼ੀਅਨ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ‘ਬੈਸਟ ਕੋਚ ਆਫ ਏਸ਼ੀਆ’ ਦੇ ਗਾਲਾ ਐਵਾਰਡ ਨਾਲ ਵੀ ਨਿਵਾਜਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  ਯੂਕਰੇਨੀ ਡਰੋਨ ਹਮਲੇ ਮਗਰੋਂ ਤੇਲ ਟੈਂਕਰ ਨੂੰ ਲੱਗੀ ਅੱਗ ! ਬਚਾਏ ਗਏ 23 ਭਾਰਤੀ ਨਾਗਰਿਕ

ਮਹਿੰਦਰ ਸਿੰਘ ਢਿੱਲੋਂ ਨੇ ਸਾਲ 1983 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਵਿੱਚ ਕੋਚ ਵਜੋਂ ਆਪਣਾ ਸੇਵਾ-ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਸਪੋਰਟਸ ਕਾਲਜ ਜਲੰਧਰ ਵਿਖੇ ਲੰਮਾ ਸਮਾਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਅਤੇ ਸਾਲ 2014 ਵਿੱਚ ਸੇਵਾਮੁਕਤ ਹੋਏ। ਹਾਲਾਂਕਿ ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਦਾ ਖੇਡਾਂ ਅਤੇ ਖਿਡਾਰੀਆਂ ਨਾਲ ਜੁੜਾਅ ਲਗਾਤਾਰ ਬਣਿਆ ਹੋਇਆ ਹੈ। ਸ਼ਾਟ ਪੁੱਟ ਦੇ ਨਾਮਵਰ ਭਾਰਤੀ ਅਥਲੀਟ ਤਜਿੰਦਰਪਾਲ ਸਿੰਘ ਤੂਰ, ਜਿਨ੍ਹਾਂ ਨੇ 2018 ਅਤੇ 2022 ਦੀਆਂ ਏਸ਼ੀਅਨ ਚੈਂਪੀਅਨਸ਼ਿਪਾਂ ਵਿੱਚ ਸੋਨ ਤਗਮੇ ਜਿੱਤੇ ਅਤੇ 2026 ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ, ਸਮੇਤ ਨਾਮਵਰ ਅਥਲੀਟ ਜਗਦੀਸ਼ ਬਿਸ਼ਨੋਈ ਅਤੇ ਓਮ ਪ੍ਰਕਾਸ਼ ਸਿੰਘ ਵੀ ਕੋਚ ਮਹਿੰਦਰ ਸਿੰਘ ਢਿੱਲੋਂ ਦੇ ਸ਼ਗਿਰਦ ਰਹੇ ਹਨ। ਉਨ੍ਹਾਂ ਦੀ ਕੋਚਿੰਗ ਹੇਠ ਭਾਰਤ ਨੇ ਐਥਲੈਟਿਕਸ ਵਿੱਚ ਕਈ ਕੌਮਾਂਤਰੀ ਤਗਮੇ ਹਾਸਲ ਕੀਤੇ ਹਨ। 

ਇਸ ਮੌਕੇ ਕੋਚ ਢਿੱਲੋਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵੀ ਐਥਲੈਟਿਕਸ ਦਾ ਭਵਿੱਖ ਬਹੁਤ ਉਜਲਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਹੁਨਰ ਅਤੇ ਰੁਚੀ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਖੇਡਾਂ ਦੇ ਮੈਦਾਨ ਤੱਕ ਲੈ ਕੇ ਜਾਣ, ਕਿਉਂਕਿ ਬਚਪਨ ਤੋਂ ਹੀ ਸਹੀ ਦਿਸ਼ਾ ਅਤੇ ਸਿਖਲਾਈ ਮਿਲਣ ਨਾਲ ਖਿਡਾਰੀ ਵੱਡੀਆਂ ਮੰਜ਼ਿਲਾਂ ਹਾਸਲ ਕਰ ਸਕਦੇ ਹਨ। ਇਸ ਮੌਕੇ ਇਕਬਾਲ ਸਿੰਘ, ਜਰਮਨਜੀਤ ਸਿੰਘ ਬੁੱਟਰ, ਗੁਰਮੀਤ ਸਿੰਘ ਕੰਗ, ਨਵਨੀਤ ਸਿੰਘ ਰਾਜਾ, ਹਰਪ੍ਰੀਤ ਸਿੰਘ ਕੋਹਲੀ, ਰੌਕੀ ਭੁੱਲਰ, ਜਗਦੀਪ ਸੰਧੂ, ਗੁਰਨੀਤ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ, ਦਵਿੰਦਰ ਸਹੋਤਾ, ਪ੍ਰੀਤ ਚਾਹਲ, ਖੁਸ਼ਪ੍ਰੀਤ ਸਿੰਘ ਹਰਸ਼ ਅਤੇ ਜੌਰਡਨ ਸਿੰਘ ਸਮੇਤ ਕਈ ਖੇਡ ਪ੍ਰੇਮੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News