ਪੰਜਾਬ ਸਪੋਰਟਸ ਕਲੱਬ ਸਿਡਨੀ ਦਾ ਤੀਜਾ ਕਬੱਡੀ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ
Monday, Oct 12, 2026 - 02:24 PM (IST)
ਸਿਡਨੀ (ਸਨੀ ਚਾਂਦਪੁਰੀ, ਰਮਨਦੀਪ ਸੋਢੀ): ਪੰਜਾਬ ਸਪੋਰਟਸ ਕਲੱਬ ਸਿਡਨੀ ਵੱਲੋਂ ਬਲੈਕਟਾਊਨ ਸ਼ੋਅਗਰਾਊਂਡ ਵਿਖੇ ਕਰਵਾਇਆ ਗਿਆ ਤੀਜਾ ਵਿਸ਼ਾਲ ਕਬੱਡੀ ਖੇਡ ਮੇਲਾ ਬੜੀ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਧੂਮ-ਧਾਮ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਸ ਖੇਡ ਮੇਲੇ ਵਿਚ ਅੰਤਰਰਾਸ਼ਟਰੀ ਕਬੱਡੀ ਮੁਕਾਬਲਿਆਂ ਦੇ ਨਾਲ-ਨਾਲ ਬੱਚਿਆਂ ਦੀਆਂ ਖੇਡਾਂ ਅਤੇ ਪਰਿਵਾਰਕ ਗਤੀਵਿਧੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸਿਡਨੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਪਰਿਵਾਰਾਂ ਅਤੇ ਖੇਡ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾਏ।

ਸੀਨੀਅਰ ਕਬੱਡੀ ਵਰਗ ਵਿਚ ਚਾਰ ਟੀਮਾਂ ਨੇ ਹਿੱਸਾ ਲਿਆ। ਫਸਵੇਂ ਅਤੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਪਰਥ ਦੀ ਗਲੈਡੀਏਟਰ ਕਲੱਬ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਕਬੱਡੀ ਕੱਪ ਆਪਣੇ ਨਾਮ ਕੀਤਾ, ਜਦਕਿ ਬ੍ਰਿਸਬੇਨ ਦੀ ਸੈਵਨ ਸੀਜ਼ ਟੀਮ ਦੂਜੇ ਸਥਾਨ ’ਤੇ ਰਹੀ। ਅੰਡਰ-18 ਕਬੱਡੀ ਮੁਕਾਬਲਿਆਂ ਵਿਚ ਰਿਵਰਲੈਂਡ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਖ਼ਿਤਾਬ ਜਿੱਤਿਆ, ਜਦਕਿ ਪਰਥ ਦੀ ਗਲੈਡੀਏਟਰ ਕਲੱਬ ਟੀਮ ਦੂਜੇ ਸਥਾਨ ’ਤੇ ਰਹੀ। ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਟੂਰਨਾਮੈਂਟ ਵਿੱਚ ਖੁਸ਼ੀ ਦੁੱਗਾ, ਚਿੱਤਪਾਲ ਚਿੱਟੀ, ਰਾਜਾ ਪੱਧਰੀ, ਗੁਰੂ ਥੋਪੀਆ, ਫੁੱਲਾ ਸ਼ੂਸ਼ਕ, ਸ਼ੰਕਰ ਅਤੇ ਮੇਸ਼ੀ ਸਮੇਤ ਕਈ ਨਾਮਵਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ। ਅੰਤਰਰਾਸ਼ਟਰੀ ਕਬੱਡੀ ਸਟਾਰ ਖੁਸ਼ੀ ਦੁੱਗਾ ਖ਼ਾਸ ਤੌਰ ’ਤੇ ਬੱਚਿਆਂ ਅਤੇ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਉਨ੍ਹਾਂ ਦੀ ਖੇਡ ਅਤੇ ਹਾਜ਼ਰੀ ਨੂੰ ਲੈ ਕੇ ਬੱਚਿਆਂ ਤੇ ਕਬੱਡੀ ਪ੍ਰੇਮੀਆਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ।
ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਚਿੱਤਪਾਲ ਚਿੱਟੀ ਨੂੰ ਬੈਸਟ ਰੇਡਰ ਅਤੇ ਵਾਹਿਗੁਰੂ ਸੀਚੇਵਾਲ ਨੂੰ ਬੈਸਟ ਜਾਫੀ ਚੁਣਿਆ ਗਿਆ। ਦੋਵਾਂ ਖਿਡਾਰੀਆਂ ਨੂੰ ਡਾ. ਰਮਨ ਆਲਖ ਵੱਲੋਂ ‘ਵਿਨਿੰਗ ਸਮਾਈਲ’ (Winning Smile) ਦੀ ਤਰਫ਼ੋਂ 1,100-1,100 ਆਸਟ੍ਰੇਲੀਅਨ ਡਾਲਰ ਦੇ ਨਕਦ ਇਨਾਮ ਦਿੱਤੇ ਗਏ।

ਇਸ ਖੇਡ ਮੇਲੇ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌਰੀ ਅਤੇ ਸ. ਰਮਨਦੀਪ ਸਿੰਘ ਸੋਢੀ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਵਿਦੇਸ਼ਾਂ ਵਿੱਚ ਪੰਜਾਬੀ ਖੇਡਾਂ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪੰਜਾਬ ਸਪੋਰਟਸ ਕਲੱਬ ਵੱਲੋਂ ਦੋਵਾਂ ਮੁੱਖ ਮਹਿਮਾਨਾਂ ਦਾ ਕੀਮਤੀ ਸਮਾਂ ਕੱਢ ਕੇ ਮੇਲੇ ਵਿੱਚ ਪਹੁੰਚਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਗੋਪਾ ਬੈਂਸ ਅਤੇ ਬਬਲੂ ਕੁਰੂਕਸ਼ੇਤਰ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਬਲੈਕਟਾਊਨ ਸਿਟੀ ਕੌਂਸਲ ਦੇ ਕੌਂਸਲਰ ਮੋਨਿੰਦਰ ਸਿੰਘ (Moninder Singh) ਅਤੇ ਜੁਗਨਦੀਪ ਸਿੰਘ (Jugandeep Singh) ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਖੇਡ ਮੇਲੇ ਦੀ ਰੌਣਕ ਵਧਾਈ। ਪੰਜਾਬ ਸਪੋਰਟਸ ਕਲੱਬ ਵੱਲੋਂ ਇਨ੍ਹਾਂ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਵਾਰ ਮੇਲੇ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਕਿ ਇਹ ਸਿਰਫ਼ ਕਬੱਡੀ ਟੂਰਨਾਮੈਂਟ ਤੱਕ ਸੀਮਤ ਨਾ ਰਹਿ ਕੇ ਇੱਕ ਵਿਸ਼ਾਲ ਪਰਿਵਾਰਕ ਖੇਡ ਮੇਲੇ ਦਾ ਰੂਪ ਧਾਰਨ ਕਰ ਗਿਆ। ਬੱਚਿਆਂ ਲਈ ਕਬੱਡੀ ਅਤੇ ਸੌਕਰ ਦੇ ਮੁਕਾਬਲਿਆਂ ਤੋਂ ਇਲਾਵਾ ਵਾਲੀਬਾਲ, ਐਥਲੈਟਿਕਸ, ਰੱਸਾਕਸ਼ੀ, ਚਾਟੀ ਰੇਸ, ਮਿਊਜ਼ੀਕਲ ਚੇਅਰ ਅਤੇ ਹੋਰ ਕਈ ਮਨੋਰੰਜਕ ਮੁਕਾਬਲੇ ਕਰਵਾਏ ਗਏ। ਬੱਚਿਆਂ ਲਈ ਵਿਸ਼ੇਸ਼ ਤੌਰ ’ਤੇ ਮੁਫ਼ਤ ਝੂਲਿਆਂ ਅਤੇ ਰਾਈਡਾਂ ਦਾ ਪ੍ਰਬੰਧ ਕੀਤਾ ਗਿਆ, ਜਿਨ੍ਹਾਂ ਦਾ ਬੱਚਿਆਂ ਅਤੇ ਪਰਿਵਾਰਾਂ ਨੇ ਭਰਪੂਰ ਆਨੰਦ ਮਾਣਿਆ। ਵੱਖ-ਵੱਖ ਖਾਣ-ਪੀਣ ਦੇ ਸਟਾਲਾਂ ਅਤੇ ਮਨੋਰੰਜਕ ਗਤੀਵਿਧੀਆਂ ਕਾਰਨ ਸਾਰਾ ਦਿਨ ਮੇਲੇ ਵਿੱਚ ਖੂਬ ਰੌਣਕ ਰਹੀ।

ਕਬੱਡੀ ਮੁਕਾਬਲਿਆਂ ਦੀ ਕੁਮੈਂਟਰੀ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਮੱਖਣ ਅਲੀ ਨੇ ਆਪਣੀ ਦਮਦਾਰ ਕੁਮੈਂਟਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੇ ਨਾਲ ਗੱਗੀ ਮੈਲਬਰਨ, ਰੋਜ਼ੀ ਅਤੇ ਮਨਵੀਰ ਨੇ ਵੀ ਕੁਮੈਂਟਰੀ ਅਤੇ ਸਮਾਗਮ ਦੀ ਪੇਸ਼ਕਾਰੀ ਵਿੱਚ ਅਹਿਮ ਸਹਿਯੋਗ ਦਿੱਤਾ।
ਪੰਜਾਬ ਸਪੋਰਟਸ ਕਲੱਬ ਦੀ ਪ੍ਰਬੰਧਕ ਕਮੇਟੀ ਦੇ ਗੁਰਪਿੰਦਰ ਉੱਪਲ, ਮਨਜਿੰਦਰ ਚੌਹਾਨ, ਹਰਜੀਤ ਪੰਧੇਰ, ਮਨਬੀਰ ਸੰਧੂ, ਲਵਪ੍ਰੀਤ ਸੰਧੂ, ਰਾਜਨ, ਗੈਰੀ ਗਰੇਵਾਲ, ਅਮਰਜੀਤ, ਹਰਪ੍ਰੀਤ ਬਰਾੜ, ਗੁਰਮਿੰਦਰ ਤਤਲਾ, ਜਗਮੀਤ ਸੰਧੂ, ਕਮਲ ਬੈਂਸ, ਹਰਜਿੰਦਰ ਸਿੰਘ, ਦੇਵੀ ਅਤੇ ਜਸਪ੍ਰੀਤ ਬਰਾੜ ਸਮੇਤ ਸਮੂਹ ਕਮੇਟੀ ਮੈਂਬਰਾਂ ਅਤੇ ਵਲੰਟੀਅਰਾਂ ਨੇ ਖੇਡ ਮੇਲੇ ਦੀ ਸਫਲਤਾ ਲਈ ਅਣਥੱਕ ਮਿਹਨਤ ਕੀਤੀ।

ਪੰਜਾਬ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਖੇਡ ਮੇਲੇ ਦਾ ਮੁੱਖ ਮਕਸਦ ਆਸਟ੍ਰੇਲੀਆ ਵਿੱਚ ਜੰਮੀ-ਪਲੀ ਨਵੀਂ ਪੀੜ੍ਹੀ ਨੂੰ ਪੰਜਾਬ ਦੀ ਮਾਂ-ਖੇਡ ਕਬੱਡੀ, ਹੋਰ ਖੇਡਾਂ ਅਤੇ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਖੇਡ ਮੇਲੇ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਆਪਸੀ ਸਾਂਝ ਹੋਰ ਮਜ਼ਬੂਤ ਹੋਵੇ।

ਅੰਤ ਵਿੱਚ ਪੰਜਾਬ ਸਪੋਰਟਸ ਕਲੱਬ ਸਿਡਨੀ ਵੱਲੋਂ ਸਿਡਨੀ ਦੀ ਸਮੁੱਚੀ ਸੰਗਤ, ਮੁੱਖ ਮਹਿਮਾਨਾਂ, ਖਿਡਾਰੀਆਂ, ਸਪਾਂਸਰਾਂ, ਸਹਿਯੋਗੀਆਂ, ਵਲੰਟੀਅਰਾਂ, ਮੀਡੀਆ ਕਰਮੀਆਂ ਅਤੇ ਸਮੂਹ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸਮੁੱਚੀ ਸੰਗਤ ਦੇ ਪਿਆਰ, ਸਹਿਯੋਗ ਅਤੇ ਭਰਵੇਂ ਹੁੰਗਾਰੇ ਸਦਕਾ ਤੀਜਾ ਵਿਸ਼ਾਲ ਕਬੱਡੀ ਖੇਡ ਮੇਲਾ ਇੱਕ ਯਾਦਗਾਰੀ ਪਰਿਵਾਰਕ ਸਮਾਗਮ ਬਣ ਸਕਿਆ।
