ਕੈਨੇਡਾ 'ਚ ਪੰਜਾਬੀ ਕਾਰੋਬਾਰੀ ਬਲਜਿੰਦਰ ਸਿੰਘ ਦੇ ਕਤਲ ਮਾਮਲੇ 'ਚ ਵੱਡੀ ਸਫਲਤਾ; 32 ਸਾਲਾ ਨੌਜਵਾਨ ਗ੍ਰਿਫਤਾਰ

Thursday, Jun 04, 2026 - 11:23 AM (IST)

ਕੈਨੇਡਾ 'ਚ ਪੰਜਾਬੀ ਕਾਰੋਬਾਰੀ ਬਲਜਿੰਦਰ ਸਿੰਘ ਦੇ ਕਤਲ ਮਾਮਲੇ 'ਚ ਵੱਡੀ ਸਫਲਤਾ; 32 ਸਾਲਾ ਨੌਜਵਾਨ ਗ੍ਰਿਫਤਾਰ

ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੰਜਾਬੀ ਕਾਰੋਬਾਰੀ ਬਲਜਿੰਦਰ ਸਿੰਘ ਦੇ ਸਨਸਨੀਖੇਜ਼ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 'ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ' (IHIT) ਨੇ ਇਸ ਕਤਲ ਦੇ ਸਬੰਧ ਵਿੱਚ ਇੱਕ 32 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬ੍ਰਾਇਨ ਕਿਰਾਲੀ-ਮਿਲਰ ਵਜੋਂ ਹੋਈ ਹੈ। 

ਅਧਿਕਾਰੀਆਂ ਮੁਤਾਬਕ ਨੌਜਵਾਨ 'ਤੇ 13 ਜਨਵਰੀ ਨੂੰ ਸਰੀ ਵਿੱਚ 46 ਸਾਲਾ ਕਾਰੋਬਾਰੀ ਬਲਜਿੰਦਰ ਸਿੰਘ ਦੇ ਕਤਲ ਦੇ ਇਲਜ਼ਾਮ ਹੇਠ 'ਫਰਸਟ ਡਿਗਰੀ ਮਰਡਰ' ਦੇ ਚਾਰਜ ਲਗਾਏ ਗਏ ਹਨ। ਆਈ.ਐੱਚ.ਆਈ.ਟੀ. (IHIT) ਦੀ ਬੁਲਾਰਾ ਸਰਜੈਂਟ ਫ੍ਰੇਡਾ ਫੋਂਗ ਨੇ ਦੱਸਿਆ ਕਿ ਇਹ ਇੱਕ ਬੇਹੱਦ ਗੰਭੀਰ ਅਪਰਾਧ ਹੈ ਅਤੇ ਜਾਂਚ ਟੀਮਾਂ ਲਗਾਤਾਰ ਇਸ 'ਤੇ ਕੰਮ ਕਰ ਰਹੀਆਂ ਹਨ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਕਿਰਾਲੀ-ਮਿਲਰ ਕੋਈ ਆਮ ਅਪਰਾਧੀ ਨਹੀਂ ਹੈ। ਰਿਪੋਰਟਾਂ ਅਨੁਸਾਰ ਉਹ ਖ਼ਤਰਨਾਕ 'ਵੁਲਫ ਪੈਕ' (Wolf Pack) ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਸਾਲ 2021 ਵਿੱਚ ਵੀ ਉਸ ਨੂੰ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਜੰਗਬੰਦੀ ਵਧਾਉਣ 'ਤੇ ਬਣੀ ਸਹਿਮਤੀ ! ਇਜ਼ਰਾਈਲ-ਲੇਬਨਾਨ ਚੌਥੇ ਦੌਰ ਦੀ ਗੱਲਬਾਤ 'ਚ ਹੋਏ ਸਹਿਮਤ

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਬਲਜਿੰਦਰ ਸਿੰਘ ਨੂੰ ਨਿਸ਼ਾਨਾ ਬਣਾ ਕੇ ਗੋਲੀ ਮਾਰੀ ਗਈ ਸੀ।ਇਸ ਕਤਲ ਦੇ ਪਿੱਛੇ ਦਾ ਉਦੇਸ਼ ਸਾਹਮਣੇ ਨਹੀਂ ਆਇਆ ਹੈ। ਬੁਲਾਰੇ ਮੁਤਾਬਕ,"ਹਾਲਾਂਕਿ ਚੱਲ ਰਹੀ ਅਦਾਲਤੀ ਕਾਰਵਾਈ ਕਾਰਨ ਇਰਾਦੇ ਅਤੇ ਹਾਲਾਤ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ, ਪਰ ਜਾਂਚਕਰਤਾ ਪੁਸ਼ਟੀ ਕਰ ਸਕਦੇ ਹਨ ਕਿ ਇਹ ਇੱਕ ਨਿਸ਼ਾਨਾ ਗੋਲੀਬਾਰੀ ਸੀ, ਜੋ ਗੈਂਗ ਗਤੀਵਿਧੀ ਨਾਲ ਜੁੜੀ ਹੋਈ ਸੀ।"  

ਮ੍ਰਿਤਕ ਬਲਜਿੰਦਰ ਸਿੰਘ (ਗਰਚਾ) ਸਰੀ ਦੇ ਕਾਰੋਬਾਰੀ ਜਗਤ ਦੀ ਜਾਣੀ-ਪਛਾਣੀ ਸ਼ਖਸੀਅਤ ਸਨ। ਉਹ ਵੈਡਿੰਗ ਫੋਟੋਗ੍ਰਾਫੀ, ਲਿਮੋਜ਼ਿਨ ਸਰਵਿਸ ਅਤੇ ਇੱਕ ਬੈਂਕੁਏਟ ਹਾਲ ਦੇ ਮਾਲਕ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਕਾਫੀ ਰੋਸ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਕੈਨੇਡਾ ਦੇ ਇਸ ਖੇਤਰ ਵਿੱਚ ਕਈ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਕਤੂਬਰ ਵਿੱਚ 68 ਸਾਲਾ ਦਰਸ਼ਨ ਸਿੰਘ ਸਹਿਸੀ ਦਾ ਅਬਟਸਫੋਰਡ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 11 ਜੂਨ ਨੂੰ ਇੱਕ ਹੋਰ ਕਾਰੋਬਾਰੀ ਸਤਵਿੰਦਰ ਸ਼ਰਮਾ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਹਾਲੇ 18 ਸਾਲਾ ਗੌਰਵ ਦਿਓਲ ਦੇ ਕਤਲ ਦੇ ਮਾਮਲੇ ਵਿੱਚ ਵੀ ਕਾਤਲਾਂ ਦੀ ਭਾਲ ਕਰ ਰਹੀ ਹੈ, ਜਿਸ ਦਾ ਸਬੰਧ ਗੈਂਗਵਾਰ ਨਾਲ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News