ਨੇਪਾਲ ਦੇ ਸੂਬੇ 2 ਦਾ ਨਾਂ ਬਦਲ ਕੇ ਗਿਆ ''ਮਧੇਸ ਪ੍ਰਦੇਸ਼''
Tuesday, Jan 18, 2022 - 07:42 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੇ ਦੱਖਣ-ਪੂਰਬੀ ਸੂਬੇ 2 ਦਾ ਨਾਂ ਬਦਲ ਕੇ ਮਧੇਸ ਪ੍ਰਦੇਸ਼ ਕਰ ਦਿੱਤਾ ਗਿਆ ਹੈ ਅਤੇ ਜਨਕਪੁਰ ਨੂੰ ਇਸ ਦੀ ਰਾਜਧਾਨੀ ਬਣਾਇਆ ਗਿਆ ਹੈ। ਇਸ ਤਰ੍ਹਾਂ 2015 ਵਿੱਚ ਸੂਬਾ ਬਣਨ ਤੋਂ ਬਾਅਦ ਖੇਤਰ ਦੇ ਅਧਿਕਾਰਤ ਨਾਮਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਬਹਿਸ ਦਾ ਹੱਲ ਹੋ ਗਿਆ। ਸੂਬਾਈ ਅਸੈਂਬਲੀ ਨੇ ਸੋਮਵਾਰ ਨੂੰ ਦੋ ਤਿਹਾਈ ਬਹੁਮਤ ਨਾਲ ਦੋਵਾਂ ਫ਼ੈਸਲਿਆਂ ਲਈ ਵੋਟਿੰਗ ਕੀਤੀ। ਵੋਟ ਪਾਉਣ ਵਾਲੇ 99 ਮੈਂਬਰਾਂ ਵਿੱਚੋਂ 78 ਨੇ ਜਨਕਪੁਰ ਨੂੰ ਰਾਜਧਾਨੀ ਬਣਾਉਣ ਅਤੇ 80 ਨੇ ਸੂਬਾਈ ਨਾਮ ਮਧੇਸ ਕਰਨ ਲਈ ਵੋਟ ਦਿੱਤੀ।
ਮਧੇਸ ਖੇਤਰਫਲ ਦੇ ਲਿਹਾਜ਼ ਨਾਲ ਨੇਪਾਲ ਦਾ ਸਭ ਤੋਂ ਛੋਟਾ ਅਤੇ ਆਬਾਦੀ ਦੇ ਲਿਹਾਜ਼ ਨਾਲ ਦੂਜਾ ਸਭ ਤੋਂ ਵੱਡਾ ਰਾਜ ਹੈ। ਦੱਖਣ ਵਿੱਚ ਇਸ ਦੀ ਸੀਮਾ ਭਾਰਤ (ਬਿਹਾਰ) ਨਾਲ ਲੱਗਦੀ ਹੈ ਅਤੇ ਇਸ ਵਿਚ ਅੱਠ ਜ਼ਿਲ੍ਹੇ - ਬਾਰਾ, ਪਾਰਸਾ, ਰੌਤਹਾਟ, ਸਰਲਾਹੀ, ਮਹੋਟਾਰੀ, ਧਨੁਸ਼ਾ, ਸਿਰਾਹਾ ਅਤੇ ਸਪਤਾਰੀ ਆਉਂਦੇ ਹਨ। ਇਸ ਖੇਤਰ ਦੀ ਜ਼ਿਆਦਾਤਰ ਆਬਾਦੀ ਭਾਰਤੀ ਮੂਲ ਦੀ ਹੈ ਅਤੇ ਇੱਥੇ ਜ਼ਿਆਦਾਤਰ ਲੋਕ ਮੈਥਿਲੀ ਭਾਸ਼ਾ ਬੋਲਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਜਸਟਿਸ ਉਮਰ ਅਤਾ ਬੰਦਿਆਲ ਹੋਣਗੇ ਪਾਕਿਸਤਾਨ ਦੇ ਅਗਲੇ ਚੀਫ਼ ਜਸਟਿਸ
ਲੋਕਤੰਤਰੀ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਾਜੇਂਦਰ ਮਹਤੋ ਨੇ ਕਿਹਾ ਕਿ ਨਵੇਂ ਸੂਬੇ ਦਾ ਨਾਮਕਰਨ ਪੂਰੇ ਸੰਘਵਾਦ ਵੱਲ ਨੇਪਾਲ ਦੇ ਕਦਮ ਲਈ ਮੀਲ ਦਾ ਪੱਥਰ ਹੈ। ਬੋਲਚਾਲ ਦੀ ਭਾਸ਼ਾ ਵਿੱਚ, ਮਧੇਸੀ ਮੈਦਾਨੀ ਲੋਕਾਂ ਨੂੰ ਦਰਸਾਉਂਦਾ ਹੈ। ਮਧੇਸ ਦਾ ਭਗਵਾਨ ਸ਼ਿਵ ਨਾਲ ਸਬੰਧ ਹਿੰਦੂ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ। ਸਤੰਬਰ 2015 ਵਿੱਚ ਨੇਪਾਲ ਦਾ ਨਵਾਂ ਸੰਵਿਧਾਨ ਲਾਗੂ ਹੋਣ ਤੋਂ ਬਾਅਦ, ਸੂਬਾ 2 ਜਾਂ ਮਧੇਸ਼ ਖੇਤਰ ਦਾ ਗਠਨ ਕੀਤਾ ਗਿਆ ਸੀ।