ਨੀਲਮ-ਜੇਹਲਮ ਨਦੀ ’ਤੇ ਬੰਨ੍ਹ ਬਣਾ ਰਿਹਾ ਚੀਨ, ਵਿਰੋਧ ’ਚ PoK ਦੇ ਲੋਕਾਂ ਨੇ ਕੱਢੀ ਮਸ਼ਾਲ ਰੈਲੀ
Friday, Aug 14, 2020 - 03:41 PM (IST)
ਮੁਜ਼ੱਫਰਾਬਾਦ– ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਮੁਜ਼ੱਫਰਾਬਾਦ ਸ਼ਹਿਰ ’ਚ ਇਕ ਵੱਡੀ ਮਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਰਾਹੀਂ ਨੀਲਮ-ਜੇਹਲਮ ਨਦੀ ’ਤੇ ਚੀਨ ਦੀ ਕੰਪਨੀ ਦੁਆਰਾ ਕੀਤੇ ਜਾ ਰਹੇ ਬੰਨ੍ਹ ਦੇ ਨਿਰਮਾਣ ਦਾ ਵਿਰੋਧ ਕੀਤਾ ਗਿਆ। ਇਸ ਰੈਲੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਭੀੜ ਨੂੰ ਨਾਅਰੇਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕ ਹੱਥਾਂ ’ਚ ਮਸ਼ਾਲ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਦਰਸ਼ਨਕਾਰੀ ‘ਨੀਲਮ-ਜੇਹਲਮ ਵਹਿਣ ਦਿਓ, ਸਾਨੂੰ ਜੀਊਂਦਾ ਰਹਿਣ ਦਿਓ’ ਦਾ ਨਾਅਰਾ ਲਗਾ ਰਹੇ ਸਨ।
#WATCH A massive torch rally was held in Muzaffarabad city of Pakistan occupied Kashmir (PoK) on Wednesday against mega-dams to be constructed by Chinese firms on Neelum-Jhelum River.
— ANI (@ANI) August 13, 2020
(Visuals from 12.08.2020) pic.twitter.com/dbWZf45TNC
ਸਮਝੌਤੇ ’ਤੇ ਹਸਤਾਖਰ
ਦੱਸ ਦੇਈਏ ਕਿ ਹਾਲ ਹੀ ’ਚ ਪਾਕਿਸਤਾਨ ਅਤੇ ਚੀਨ ਨੇ ਪੀ.ਓ.ਕੇ. ’ਚ ਆਜ਼ਾਦ ਪੱਟਨ ਅਤੇ ਕੋਹਾਲਾ ਹਾਈਡਰੋ ਪਾਵਰ ਪ੍ਰਾਜੈੱਕਟਾਂ ਦੇ ਨਿਰਮਾਣ ਲਈ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਆਈ.ਸੀ.) ਦੇ ਹਿੱਸੇ ਦੇ ਰੂਪ ’ਚ 700.7 ਮੈਗਾਵਾਟ ਬਿਜਲੀ ਦੇ ਆਜ਼ਾਦ ਪੱਟਨ ਹਾਈਡਲ ਪਾਵਰ ਪ੍ਰਾਜੈੱਕਟ ’ਤੇ 6 ਜੁਲਾਈ, 2020 ਨੂੰ ਹਸਤਾਖਰ ਕੀਤੇ ਗਏ ਸਨ।
ਇਸ 1.54 ਬਿਲੀਅਨ ਡਾਲਰ ਦੇ ਪ੍ਰਾਜੈੱਕਟ ਨੂੰ ਚੀਨ ਜਿਓਝਾਬਾ ਗਰੁੱਪ ਕੰਪਨੀ ਦੁਆਰਾ ਸਪਾਂਸਰ ਕੀਤਾ ਜਾਵੇਗਾ। ਕੋਹਾਲਾ ਹਾਈਡਰੋ ਪਾਵਰ ਪ੍ਰਾਜੈੱਕਟ, ਜੋ ਜੇਹਲਮ ਨਦੀ ’ਤੇ ਬਣਾਇਆ ਜਾਵੇਗਾ, ਪੀ.ਓ.ਕੇ. ਦੇ ਸੁਧਨੋਟੀ ਜ਼ਿਲ੍ਹੇ ’ਚ ਆਜ਼ਾਦ ਪੱਟਨ ਪੁਲ ਤੋਂ ਲਗਭਗ 7 ਕਿਲੋਮੀਟਰ ਉਪਰ ਹੈ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 90 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।