ਪਾਕਿਸਤਾਨ ''ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, 170 ਲੋਕ ਜ਼ਖਮੀ

Saturday, Nov 25, 2017 - 05:03 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੱਲ ਜਾਣ ਵਾਲੇ ਹਾਈਵੇਅ ਦੀ ਘੇਰਾਬੰਦੀ ਕਰ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਸ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹੋਈਆਂ ਝੜਪਾਂ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਸਮੇਤ 170 ਤੋਂ ਵਧ ਲੋਕ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸ਼ਨੀਵਾਰ ਨੂੰ ਤਹਿਰੀਕ-ਏ-ਲਾਬੈਕ ਨਾਮੀ ਨਵੀਂ ਕਟੜਪੰਥੀ ਸਿਆਸੀ ਪਾਰਟੀ ਦੇ ਲਗਭਗ ਇਕ ਹਜ਼ਾਰ ਵਰਕਰਾਂ ਨੂੰ ਹਾਈਵੇਅ ਤੋਂ ਹਟਾਉਣ ਅਤੇ ਉਨ੍ਹਾਂ ਦੇ ਕੈਂਪਾਂ ਨੂੰ ਤੋੜਨ ਲਈ ਮੁਹਿੰਮ ਸ਼ੁਰੂ ਕੀਤੀ। ਪਾਰਟੀ ਕਾਨੂੰਨ ਮੰਤਰੀ ਜਾਹਿਦ ਹਮੀਦ 'ਤੇ ਚੋਣ ਸਹੁੰ ਪੱਤਰ ਵਿਚ ਬਦਲਾਅ ਕਰਨ ਦਾ ਦੋਸ਼ ਲਾ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਈਸ਼-ਨਿੰਦਾ ਹੁੰਦੀ ਹੈ। ਪ੍ਰਦਰਸ਼ਨਕਾਰੀ ਕਾਨੂੰਨ ਮੰਤਰੀ ਜਾਹਿਦ ਦੇ ਅਸਤੀਫੇ 'ਤੇ ਅੜੇ ਹੋਏ ਹਨ।
ਇਸ ਮੁਹਿੰਮ ਵਿਚ ਤਕਰੀਬਨ 4,000 ਤੋਂ ਵਧ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਸ ਨੇ ਵੀ ਜਵਾਬੀ ਕਰਦੇ ਹੋਏ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀਆਂ ਦੀਆਂ ਬੌਛਾਰਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਓਧਰ ਤਹਿਰੀਕ-ਲਾਬੈਕ ਦੇ ਬੁਲਾਰੇ ਏਜਾਜ਼ ਅਸ਼ਰਫੀ ਨੇ ਕਿਹਾ ਕਿ ਅਸੀਂ ਲੋਕ ਨਹੀਂ ਹਟਾਂਗੇ। ਅਸੀਂ ਆਖਰੀ ਸਾਹ ਤੱਕ ਲੜਾਂਗੇ। ਇਸ ਦਰਮਿਆਨ ਪਾਕਿਸਤਾਨੀ ਸਰਕਾਰ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਦੇ ਲਾਈਵ ਕਵਰੇਜ਼ ਤੋਂ ਮੀਡੀਆ ਨੂੰ ਰੋਕਣ 'ਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਵਿਰੋਧ ਵਿਚ ਸਾਰੇ ਟੀ. ਵੀ. ਚੈਨਲਾਂ ਨੂੰ ਆਪਣਾ ਪ੍ਰਸਾਰਣ ਰੋਕਣ ਨੂੰ ਕਿਹਾ ਹੈ। 
ਓਧਰ ਵਿਰੋਧ ਪ੍ਰਦਰਸ਼ਨ ਦਾ ਕਈ ਧਾਰਮਿਕ ਪਾਰਟੀਆਂ ਦੇ ਮੁਖੀਆਂ, ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਗੈਰ-ਕਾਨੂੰਨੀ ਦੱਸਿਆ ਹੈ। ਇਸਲਾਮਾਬਾਦ ਹਾਈ ਕੋਰਟ ਤਾਂ ਪ੍ਰਦਰਸ਼ਨਕਾਰੀਆਂ ਦੇ ਇਸ ਰਵੱਈਏ ਨੂੰ ਮਾਹੌਲ ਖਰਾਬ ਕਰਨ ਵਾਲਾ ਕਰਾਰ ਦਿੱਤਾ। ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀਆਂ ਧਰਨੇ ਵਾਲੀ ਥਾਂ ਖਾਲੀ ਨਹੀਂ ਕੀਤੀ ਤਾਂ ਉਨ੍ਹਾਂ ਵਿਰੁੱਧ ਮਾਣਹਾਨੀ ਦੀ ਕਾਰਵਾਈ ਕੀਤੀ ਜਾਵੇਗੀ।


Related News