ਪ੍ਰੀਤੀ ਪਟੇਲ ''ਤੇ ਲੱਗਾ ਸਿਵਲ ਕਰਮਚਾਰੀਆਂ ਨਾਲ ਧੱਕੇਸ਼ਾਹੀ ਦੇ ਦੋਸ਼: ਰਿਪੋਰਟ

02/23/2020 3:34:37 PM

ਲੰਡਨ(ਆਈ.ਏ.ਐਨ.ਐਸ.)- ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ 'ਤੇ ਪਿਛਲੇ ਪੰਜ ਸਾਲਾਂ ਦੌਰਾਨ ਸੀਨੀਅਰ ਸਿਵਲ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। 'ਦ ਸਨ' ਅਖਬਾਰ ਨੇ ਸ਼ਨੀਵਾਰ ਨੂੰ ਸਿਵਲ ਸਰਵਿਸ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਕਿਹਾ ਕਿ ਉਹਨਾਂ ਨੇ 2015 ਤੇ 2016 ਵਿਚ ਵੀ ਪ੍ਰੀਤੀ ਦੇ ਵਤੀਰੇ ਬਾਰੇ ਚਿੰਤਾ ਜ਼ਾਹਰ ਕੀਤੀ ਸੀ, ਜਦੋਂ ਉਹ ਕੰਮ ਤੇ ਪੈਨਸ਼ਨ ਵਿਭਾਗ ਵਿਚ ਰੋਜ਼ਗਾਰ ਮੰਤਰੀ ਸਨ।

ਲੰਡਨ ਸਥਿਤ ਅਖਬਾਰ ਮੁਤਾਬਕ ਪਟੇਲ ਨੇ ਆਪਣੇ ਸਭ ਤੋਂ ਸੀਨੀਅਰ ਸਿਵਲ ਸੇਵਕ ਫਿਲਿਪ ਰੁਤਨਮ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਪਟੇਲ ਖਿਲਾਫ ਕੋਈ ਰਸਮੀ ਸ਼ਿਕਾਇਤ ਨਹੀਂ ਕੀਤੀ ਗਈ ਤੇ ਗ੍ਰਹਿ ਸਕੱਤਰ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਉਹ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹਨ। ਪਰ ਅੰਤਰਰਾਸ਼ਟਰੀ ਵਿਕਾਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ 'ਦ ਟਾਈਮਜ਼' ਨੂੰ ਦੱਸਿਆ ਕਿ ਉਹਨਾਂ ਦਾ ਰਵੱਈਆਂ ਡੀਫਿਡ ਵਿਚ ਸਾਹਮਣੇ ਆਇਆ ਸੀ। ਹਾਲਾਂਕਿ ਲੋਕਾਂ ਨਾਲ ਪੇਸ਼ ਆਉਣ ਦੇ ਢੰਗ ਲਈ ਉਹਨਾਂ ਨਾਲ ਵਧੇਰੇ ਨਫਰਤ ਨਹੀਂ ਕੀਤੀ ਜਾ ਸਕਦੀ।

'ਦ ਸਨ' ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਇਸੇ ਦੌਰਾਨ ਕਾਰੋਬਾਰੀ ਮੰਤਰੀ ਨਧੀਮ ਜ਼ਹਾਵੀ ਨੇ ਪਟੇਲ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਬਿਲਕੁਲ ਪੇਸ਼ੇਵਰ ਹਨ ਤੇ ਦਿਨ ਰਾਤ ਕੰਮ ਕਰਦੇ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਗ੍ਰਹਿ ਸਕੱਤਰ ਧੱਕੇਸ਼ਾਹੀ ਕਰਦੇ ਹਨ ਤਾਂ ਉਹਨਾਂ ਕਿਹਾ ਕਿ ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹ ਅਜਿਹੇ ਹਨ। ਮੈਂ ਪ੍ਰੀਤੀ ਨਾਲ ਕਈ ਮੁਹਿੰਮਾਂ 'ਤੇ ਕੰਮ ਕੀਤਾ ਹੈ। ਮੈਂ ਉਹਨਾਂ ਨੂੰ 25 ਸਾਲਾਂ ਤੋਂ ਜਾਣਦਾ ਹਾਂ। ਉਹ ਇਕ ਸ਼ਾਨਦਾਰ ਟੀਮ ਮੈਂਬਰ ਹਨ।

ਪਟੇਲ ਨੇ ਸਾਲ 2016 ਵਿੱਚ ਅੰਤਰਰਾਸ਼ਟਰੀ ਵਿਕਾਸ ਸਕੱਤਰ ਵਜੋਂ ਕੈਬਨਿਟ ਵਿਚ ਦਾਖਲਾ ਲਿਆ ਸੀ। ਇਕ ਸਾਲ ਬਾਅਦ ਉਹਨਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਉਹਨਾਂ ਨੇ ਇਜ਼ਰਾਇਲ ਵਿਚ ਛੁੱਟੀ ਦੌਰਾਨ ਵਿਦੇਸ਼ ਦਫਤਰ ਨੂੰ ਸੂਚਿਤ ਕੀਤੇ ਬਗੈਰ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਜਦੋਂ ਬੋਰਿਸ ਜਾਨਸਨ ਪਿਛਲੇ ਸਾਲ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੂੰ ਬੋਰਿਸ ਸਰਕਾਰ ਵਿਚ ਗ੍ਰਹਿ ਸਕੱਤਰ ਨਿਯੁਕਤ ਕਰ ਦਿੱਤਾ ਗਿਆ।


Baljit Singh

Content Editor

Related News