ਪ੍ਰੋਫੈਸਰ ਬੀਬੀਆਂ ਨਾਲ ਯੂਨੀਵਰਸਿਟੀ ਨੇ ਕੀਤਾ ਵਿਤਕਰਾ, ਹੁਣ ਦੇਵੇਗੀ 9 ਕਰੋੜ ਰੁਪਏ

Friday, Oct 16, 2020 - 06:02 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਵਿਚ ਬੀਬੀਆਂ ਨੂੰ ਆਪਣੇ ਅਧਿਕਾਰਾਂ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਹੈ। ਕੰਮ ਨੂੰ ਲੈ ਕੇ ਬੀਬੀਆਂ ਨਾਲ ਕੀਤੇ ਜਾਂਦੇ ਵਿਤਕਰੇ ਸਬੰਧੀ ਕਈ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਮਾਮਲਾ ਪ੍ਰਿੰਸਟਨ ਯੂਨੀਵਰਸਿਟੀ ਦਾ ਸਾਹਮਣੇ ਆਇਆ ਹੈ। ਪ੍ਰੋਫੈਸਰ ਬੀਬੀਆਂ ਨੂੰ ਪੁਰਸ਼ ਦੇ ਮੁਕਾਬਲੇ ਘੱਟ ਤਨਖਾਹ ਦੇਣ ਦੇ ਖੁਲਾਸੇ ਦੇ ਬਾਅਦ ਪ੍ਰਿੰਸਟਨ ਯੂਨੀਵਰਸਿਟੀ ਉਹਨਾਂ ਨੂੰ ਬਕਾਇਆ ਦੇਣ ਦੇ ਲਈ ਤਿਆਰ ਹੋ ਗਈ ਹੈ। ਯੂਨੀਵਰਸਿਟੀ ਦੇ ਇਸ ਤਰ੍ਹਾਂ ਦੇ ਵਿਤਕਰੇ ਦਾ ਵਿਵਹਾਰ ਅਮਰੀਕੀ ਕਿਰਤ ਵਿਭਾਗ ਦੀ ਜਾਂਚ ਵਿਚ ਸਾਹਮਣੇ ਆਇਆ ਸੀ, ਜਿਸ ਦੇ ਬਾਅਦ ਯੂਨੀਵਰਸਿਟੀ ਹੁਣ ਪ੍ਰੋਫੈਸਰ ਬੀਬੀਆਂ ਨੂੰ 9 ਕਰੋੜ ਰੁਪਏ ਚੁਕਾਏਗੀ। 

ਜਾਂਚ ਵਿਚ ਪਾਇਆ ਗਿਆ ਕਿ ਯੂਨੀਵਰਸਿਟੀ ਨੇ 106 ਫੁੱਲ-ਟਾਈਮ ਪ੍ਰੋਫੈਸਰ ਬੀਬੀਆਂ ਨੂੰ 2012-14 ਦੇ ਵਿਚ ਪੁਰਸ਼ ਪ੍ਰੋਫੈਸਰਾਂ ਦੀ ਤੁਲਨਾ ਵਿਚ ਘੱਟ ਤਨਖਾਹ ਦਿੱਤੀ ਸੀ। ਭਾਵੇਂਕਿ ਸ਼ੁਰੂਆਤ ਵਿਚ ਯੂਨੀਵਰਸਿਟੀ ਪ੍ਰਬੰਧਨ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ  ਕਰ ਦਿੱਤਾ ਪਰ ਫਿਰ ਮੁਕੱਦਮੇਬਾਜ਼ੀ ਦੇ ਡਰ ਨਾਲ ਉਹ ਅਧਿਕਾਰੀਆਂ ਦੇ ਸਾਹਮਣੇ ਸਮਝੌਤਾ ਕਰਨ ਲਈ ਤਿਆਰ ਹੋ ਗਈ। ਇਸ ਸਮਝੌਤੇ ਦੇ ਤਹਿਤ ਫਿਲਹਾਲ ਪ੍ਰੋਫੈਸਰ ਬੀਬੀਆਂ ਨੂੰ ਬਕਾਏ ਦੇ ਰੂਪ ਵਿਚ 6.80 ਕਰੋੜ ਰੁਪਏ ਅਤੇ ਕਰੀਬ 2 ਕਰੋੜ ਰੁਪਏ ਭਵਿੱਖ ਵਿਚ ਤਨਖਾਹ ਦੇ ਨਾਲ ਦਿੱਤੇ ਜਾਣਗੇ। 

ਕ੍ਰੌਨੀਕਲ ਆਫ ਹਾਇਰ ਐਜੁਕੇਸ਼ਨ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, 2018 ਵਿਚ ਪ੍ਰਿੰਸਟਨ ਯੂਨੀਵਰਸਿਟੀ ਵਿਚ ਫੁੱਲ ਟਾਈਮ ਪ੍ਰੋਫੈਸਰ ਬੀਬੀਆਂ ਨੂੰ 1.72 ਕਰੋੜ ਰੁਪਏ ਮਿਲੇ ਤਾਂ ਪੁਰਸ਼ਾਂ ਨੇ 1.85 ਕਰੋੜ ਰੁਪਏ ਕਮਾਏ ਸਨ। ਇਹ ਲਿੰਗ ਵਿਤਕਰਾ ਸਾਹਮਣੇ ਆਉਣ 'ਤੇ ਯੂਨੀਵਰਸਿਟੀ ਨੇ ਭਵਿੱਖ ਵਿਚ ਬਰਾਬਰ ਤਨਖਾਹ ਦੇਣ ਦੇ ਲਈ ਕਈ ਕਦਮ ਚੁੱਕਣ 'ਤੇ ਸਹਿਮਤੀ ਜ਼ਾਹਰ ਕੀਤੀ ਹੈ। ਭਰਤੀ ਤੋਂ ਲੈ ਕੇ ਸਾਲਾਨਾ ਤਨਖਾਹ ਵਾਧੇ ਵਿਚ ਬੀਬੀਆਂ ਦਾ ਬਰਾਬਰ ਧਿਆਨ ਰੱਖਿਆ ਜਾਵੇਗਾ। ਨਾਲ ਹੀ ਬੀਬੀਆਂ ਦੀ ਘੱਟ ਨੁਮਾਇੰਦਗੀ ਵਾਲੇ ਅਹੁਦਿਆਂ 'ਤੇ ਫੋਕਸ ਕੀਤਾ ਜਾਵੇਗਾ।


Vandana

Content Editor

Related News