ਥਾਈਲੈਂਡ ਦੇ ਰਾਜਾ ਦੇ ਅੰਤਮ ਸੰਸਕਾਰ ''ਤੇ ਖਰਚ ਹੋਣਗੇ 582 ਕਰੋੜ ਰੁਪਏ (ਤਸਵੀਰਾਂ)

10/12/2017 2:45:22 PM

ਬੈਂਕਾਕ (ਬਿਊਰੋ)— ਥਾਈਲੈਂਡ ਵਿਚ ਭਗਵਾਨ ਦੀ ਤਰ੍ਹਾਂ ਪੂਜੇ ਜਾਣ ਵਾਲੇ ਰਾਜਾ ਭੂਮੀਬੋਲ ਅਦੁਲੇਦੇਜ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਆਪਣੇ ਅਖੀਰੀ ਦੌਰ ਵਿਚ ਹਨ। 5 ਦਿਨ ਤੱਕ ਚੱਲਣ ਵਾਲਾ ਇਹ ਸਮਾਗਮ 26 ਅਕਤੂਬਰ ਤੋਂ ਸ਼ੁਰੂ ਹੋਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਥਾਈਲੈਂਡ ਦੇ 9ਵੇਂ ਰਾਜਾ ਅਦੁਲੇਦੇਜ ਦੀ ਬੀਤੇ ਸਾਲ ਅਕਤੂਬਰ ਵਿਚ 88 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ। ਇਸ ਮਗਰੋਂ ਪੂਰੇ ਥਾਈਲੈਂਡ ਵਿਚ 1 ਸਾਲ ਦਾ ਰਾਸ਼ਟਰੀ ਸੋਗ ਐਲਾਨਿਆ ਗਿਆ ਸੀ।
ਸੁਰੱਖਿਆ ਵਿਚ ਲਗੱਣਗੇ 78000 ਪੁਲਸ ਅਫਸਰ
ਰਾਜਾ ਦੇ ਅੰਤਮ ਸੰਸਕਾਰ ਲਈ ਦੇਸ਼ ਦੀ ਮਿਲਟਰੀ ਸਰਕਾਰ ਨੇ 3 ਬਿਲੀਅਨ ਬਾਠ (ਕਰੀਬ 582 ਕਰੋੜ ਰੁਪਏ) ਦੀ ਰਾਸ਼ੀ ਜਾਰੀ ਕੀਤੀ ਸੀ। ਸੰਸਕਾਰ ਦ੍ਰਿਸ਼ ਨੂੰ ਬੈਂਕਾਕ ਦਾ ਪ੍ਰਾਚੀਨ ਰੂਪ ਦਿੱਤਾ ਜਾ ਰਿਹਾ ਹੈ। ਇਸ ਲਈ ਕਲਾਕਾਰ ਬੀਤੇ 10 ਮਹੀਨਿਆਂ ਤੋਂ ਕੰਮ ਕਰ ਰਹੇ ਹਨ। ਰਾਜਾ ਦੇ ਅੰਤਮ ਸੰਸਕਾਰ ਲਈ ਕਲਾਕਾਰਾਂ ਨੇ ਸੋਨੇ ਦਾ ਰੱਥ ਬਣਾਇਆ ਹੈ। ਇਸ ਰੱਥ ਜ਼ਰੀਏ ਸ਼ਾਹੀ ਅਰਨ (ਕਲਸ਼) 26 ਅਕਤੂਬਰ ਨੂੰ ਸੰਸਕਾਰ ਤੋਂ ਪਹਿਲਾਂ ਕ੍ਰਿਮੇਟੋਰੀਅਮ ਲੈ ਜਾਇਆ ਜਾਵੇਗਾ। ਅੰਤਰ ਸੰਸਕਾਰ ਵਿਚ ਰਾਜਾ ਭੂਮੀਬੋਲ ਦੀ ਲਾਸ਼ ਨਹੀਂ ਹੋਵੇਗੀ ਬਲਕਿ ਰਸਮੀ ਤੌਰ 'ਤੇ ਸ਼ਾਹੀ ਅਰਨ ਸੰਸਕਾਰ ਲਈ ਰੱਖਿਆ ਜਾਵੇਗਾ। 
ਸਮਾਗਮ ਵਿਚ ਦੁਨੀਆ ਭਰ ਦੇ ਲੋਕਾਂ ਦੇ ਆਉਣ ਦੀ ਉਮੀਦ ਹੈ। ਸ਼ਾਹੀ ਪਰਿਵਾਰ ਅਤੇ ਦੂਜੇ ਦੇਸ਼ਾਂ ਦੇ ਅਫਸਰਾਂ ਦੇ ਬੈਠਣ ਲਈ ਕ੍ਰਿਮੇਟੋਰੀਅਮ ਨੇੜੇ ਹੀ ਇਕ ਸ਼ਾਹੀ ਮੰਡਪ ਦਾ ਵੀ ਇੰਤਜ਼ਾਮ ਹੈ। ਅੰਤਮ ਸੰਸਕਾਰ ਲਈ ਰਾਜਧਾਨੀ ਬੈਂਕਾਕ ਵਿਚ ਬਣਾਏ ਗਏ ਸਨਮ ਲੁਆਂਗ ਕ੍ਰਿਮੇਟੋਰੀਅਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਭੀੜ 'ਤੇ ਕੰਟਰੋਲ ਲਈ 78000 ਪੁਲਸ ਅਫਸਰਾਂ ਦੀ ਤੈਨਾਤੀ ਕੀਤੀ ਗਈ ਹੈ।
ਬੈਂਕਾਕ ਦੇ ਗ੍ਰੈਂਡ ਪੈਲੇਸ ਨੇੜੇ ਹਜ਼ਾਰਾਂ ਦੀ ਗਿਣਤੀ ਵਿਚ ਕਾਲੇ ਕੱਪੜੇ ਪਾਈ ਲੋਕਾਂ ਦਾ ਕੈਂਪ ਲੱਗਣ ਦੀ ਸੰਭਾਵਨਾ ਹੈ ਤਾਂ ਜੋ ਉਹ ਵੀ ਸਮਾਗਮ ਨੂੰ ਕਰੀਬ ਤੋਂ ਦੇਖ ਸਕਣ।
ਇਸ ਮੌਕੇ 'ਤੇ 3000 ਤੋਂ ਜ਼ਿਆਦਾ ਪਰਫਾਰਮਰ ਰਾਜਾ ਨੂੰ ਮਿਊਜ਼ੀਕਲ ਸ਼ਰਧਾਂਜਲੀ ਦੇਣ ਲਈ ਆਪਣਾ-ਆਪਣਾ ਸ਼ੋਅ ਪੇਸ਼ ਕਰਨਗੇ।
70 ਸਾਲ ਤੱਕ ਕੀਤਾ ਰਾਜ
ਰਾਜਾ ਭੂਮੀਬੋਲ ਸਾਲ 1946 ਵਿਚ ਥਾਈਲੈਂਡ ਦੇ ਰਾਜਾ ਬਣੇ ਸਨ। ਇਸ ਦੌਰਾਨ ਉਨ੍ਹਾਂ ਨੂੰ ਥਾਈਲੈਂਡ ਦੇ ਲੋਕਾਂ ਨੂੰ ਇਕਜੁੱਟ ਕਰਨ ਅਤੇ ਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਲਈ ਜਾਣਿਆ ਗਿਆ। ਉਨ੍ਹਾਂ ਦੀ ਗਿਣਤੀ ਦੁਨੀਆ ਦੇ ਅਮੀਰ ਰਾਜਿਆਂ ਵਿਚ ਹੁੰਦੀ ਸੀ।
ਰਾਜਾ ਭੂਮੀਬੋਲ 200 ਸਾਲ ਪੁਰਾਣ ਚੱਕਰੀ ਰਾਜਵੰਸ਼ ਦੇ 9ਵੇਂ ਰਾਜਾ ਸਨ। ਉਨ੍ਹਾਂ ਦੇ 70 ਸਾਲ ਲੰਬੇ ਰਾਜ ਵਿਚ ਦੇਸ਼ ਵਿਚ 12 ਪ੍ਰਧਾਨ ਮੰਤਰੀ ਬਦਲੇ। ਇਸ ਦੇ ਇਲਾਵਾ ਲੱਗਭਗ 10 ਵਾਰੀ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਵੀ ਅਸਫਲ ਹੋਈਆਂ।


Related News