ਯੂਕੇ: ਐੱਨ ਐੱਚ ਐੱਸ ਦੇ ਸਥਾਪਨਾ ਦਿਹਾੜੇ ਮੌਕੇ ਪ੍ਰਸਿੱਧ ਸਥਾਨਾਂ ਨੂੰ ਨੀਲੇ ਰੰਗ 'ਚ ਰੰਗਿਆ
Sunday, Jul 04, 2021 - 02:00 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਐੱਨ ਐੱਚ ਐੱਸ ਨੇ ਲੋਕਾਂ ਦੀ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕੀਤੀ ਹੈ। ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ ਅਤੇ ਹੋਰ ਕਰਮਚਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਬਚਾਈ ਹੈ। ਸ਼ਨੀਵਾਰ ਨੂੰ ਐੱਨ ਐੱਚ ਐੱਸ ਦੇ 73ਵੇਂ ਸਥਾਪਨਾ ਦਿਵਸ ਮੌਕੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਵਿੱਚ ਭੂਮਿਕਾ ਲਈ ਐੱਨ ਐੱਚ ਐੱਸ ਸਟਾਫ ਦਾ ਧੰਨਵਾਦ ਕਰਨ ਲਈ ਸ਼ਾਮ ਨੂੰ ਇੰਗਲੈਂਡ ਵਿੱਚ ਦਰਜਨਾਂ ਪ੍ਰਸਿੱਧ ਸਥਾਨ ਨੀਲੇ ਰੰਗ ਦੀ ਰੌਸ਼ਨੀ ਨਾਲ ਪ੍ਰਕਾਸ਼ਮਾਨ ਕੀਤੇ ਗਏ।
ਪੜ੍ਹੋ ਇਹ ਅਹਿਮ ਖਬਰ -ਮਾਮਲਿਆਂ 'ਚ ਤੇਜ਼ੀ ਦੇ ਬਾਵਜੂਦ 'ਗ੍ਰੀਨ ਜ਼ੋਨ' 'ਚ ਪਹੁੰਚਿਆ ਆਸਟ੍ਰੇਲੀਆਈ ਰਾਜ
ਇਹਨਾਂ ਸਥਾਨਾਂ ਵਿੱਚ ਵੈਂਬਲੀ ਆਰਚ, ਲਿਵਰਪੂਲ ਦੀ ਲਿਵਰ, ਲੰਡਨ ਆਈ, ਸੈਲਸਬਰੀ ਗਿਰਜਾਘਰ, ਪੂਰੇ ਇੰਗਲੈਂਡ ਵਿਚ ਟੀਕਾਕਰਨ ਕੇਂਦਰ ਆਦਿ ਸ਼ਾਮਲ ਸਨ। ਇਹਨਾਂ ਦੇ ਇਲਾਵਾ ਫੁੱਟਬਾਲ ਸਟੇਡੀਅਮ, ਟਾਊਨ ਹਾਲ, ਚਰਚਾਂ, ਹਸਪਤਾਲ ਅਤੇ ਵੱਖ-ਵੱਖ ਹਿੱਸਿਆਂ ਦੇ ਪੁਲਾਂ ਨੂੰ ਵੀ ਨੀਲੀ ਰੌਸ਼ਨੀ ਨਾਲ ਰੰਗਿਆ ਗਿਆ। ਇਸ ਦੇ ਨਾਲ ਹੀ ਮਹਾਮਾਰੀ ਦੌਰਾਨ ਜਾਨ ਗਵਾ ਚੁੱਕੇ ਕਰਮਚਾਰੀਆਂ ਦੀ ਯਾਦ ਵਿੱਚ ਸਮਾਗਮ ਵੀ ਕਰਵਾਏ ਗਏ। ਇਸ ਦੌਰਾਨ ਐੱਨ ਐੱਚ ਐੱਸ ਦੀ ਮੁੱਖ ਲੋਕ ਅਧਿਕਾਰੀ ਪ੍ਰੇਰਨਾ ਇਸਰ ਨੇ ਸ਼ਨੀਵਾਰ ਦੁਪਹਿਰ ਨੂੰ ਸਟ੍ਰੈਟਫੋਰਡ ਦੇ ਮਹਾਰਾਣੀ ਐਲਿਜ਼ਾਬੈਥ ਓਲੰਪਿਕ ਪਾਰਕ ਵਿੱਚ ਲੰਡਨ ਬਲੌਸਮ ਗਾਰਡਨ ਵਿਖੇ ਇੱਕ ਯਾਦਗਾਰ ਸੇਵਾ ਵਿੱਚ ਸ਼ਮੂਲੀਅਤ ਕੀਤੀ।