ਤੀਜੀ ਮੰਜ਼ਿਲ ਤੋਂ ਡਿੱਗ ਰਹੇ ਬੱਚੇ ਦੀ ਪੁਲਸ ਅਫਸਰਾਂ ਨੇ ਇੰਝ ਬਚਾਈ ਜਾਨ (ਵੀਡੀਓ)

02/23/2018 1:25:38 PM

ਕਾਹਿਰਾ (ਬਿਊਰੋ)— ਪੁਲਸ ਅਧਿਕਾਰੀਆਂ ਦੀ ਬਹਾਦੁਰੀ ਦੇ ਕਿੱਸੇ ਅਕਸਰ ਦੇਖਣ-ਸੁਨਣ ਨੂੰ ਮਿਲਦੇ ਹਨ। ਅਜਿਹਾ ਹੀ ਬਹਾਦੁਰੀ ਦਾ ਇਕ ਕਿੱਸਾ ਮਿਸਰ ਦੇ ਪੁਲਸ ਅਧਿਕਾਰੀਆਂ ਦਾ ਸਾਹਮਣੇ ਆਇਆ ਹੈ। ਮਿਸਰ ਦੇ ਦੱਖਣੀ ਸ਼ਹਿਰ ਅਸਿੱਟ ਵਿਚ ਤਿੰਨ ਪੁਲਸ ਕਰਮਚਾਰੀਆਂ ਨੇ ਬਹਾਦੁਰੀ ਦੀ ਮਿਸਾਲ ਪੇਸ਼ ਕਰਦੇ ਹੋਏ ਤੀਜੀ ਮੰਜ਼ਿਲ ਤੋਂ ਡਿੱਗ ਰਹੇ 5 ਸਾਲਾ ਬੱਚੇ ਦੀ ਜਾਨ ਬਚਾ ਲਈ। ਇਸ ਸੰਬੰਧੀ ਇਕ ਵੀਡੀਓ ਮਿਸਰ ਦੇ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।  
ਅਸਲ ਵਿਚ 5 ਸਾਲਾ ਇਹ ਬੱਚਾ ਇਕ ਅਪਾਰਟਮੈਂਟ ਦੀ ਤੀਜੀ ਮੰਜ਼ਿਲ 'ਤੇ ਲਟਕ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਨੇੜੇ ਦੇ ਬੈਂਕ ਦੀ ਸੁਰੱਖਿਆ ਲਈ ਤੈਨਾਤ ਤਿੰਨ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਗੱਲ ਦਾ ਪਤਾ ਲੱਗਦੇ ਹੀ ਪੁਲਸ ਅਧਿਕਾਰੀ ਬੱਚੇ ਨੂੰ ਬਚਾਉਣ ਦੀ ਕੋਸ਼ਿਸ ਵਿਚ ਲੱਗ ਗਏ। ਉਨ੍ਹਾਂ ਨੇ ਬੱਚੇ ਨੂੰ ਬਚਾਉਣ ਦੀ ਪਲਾਨਿੰਗ ਕੀਤੀ। ਪਲਾਨਿੰਗ ਮੁਤਾਬਕ ਇਕ ਪੁਲਸ ਅਧਿਕਾਰੀ ਕੋਈ ਚੀਜ਼ ਲੱਭ ਰਿਹਾ ਸੀ ਕਿ ਇੰਨੇ ਵਿਚ ਬੱਚਾ ਹੇਠਾਂ ਆਉਣ ਲੱਗਾ। ਬੱਚੇ ਨੂੰ ਡਿੱਗਦਾ ਦੇਖ ਉੱਥੇ ਖੜ੍ਹੇ ਦੋ ਪੁਲਸ ਅਫਸਰਾਂ ਨੇ ਨੇੜੇ ਪਿਆ ਕਾਰਪੇਟ ਤੁਰੰਤ ਚੁੱਕਿਆ ਅਤੇ ਬੱਚੇ ਨੂੰ ਕੈਚ ਕਰਨ ਲਈ ਫੈਲਾ ਦਿੱਤਾ। ਬੱਚੇ ਦੇ ਹੇਠਾਂ ਆਉਂਦੇ ਹੀ ਇਕ ਅਧਿਕਾਰੀ ਨੇ ਉਸ ਨੂੰ ਕੈਚ ਕਰ ਲਿਆ। 

ਮਿਸਰ ਦੀ ਸਰਕਾਰ ਨੇ ਇਕ ਬਿਆਨ ਵਿਚ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ। ਜਿਸ ਅਧਿਕਾਰੀ ਨੇ ਬੱਚੇ ਨੂੰ ਕੈਚ ਕੀਤਾ ਸੀ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਘਟਨਾ ਦੇ ਬਾਵਜੂਦ ਹਾਲੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਬੱਚਾ ਤੀਜੀ ਮੰਜ਼ਿਲ ਤੱਕ ਕਿਵੇਂ ਪਹੁੰਚਿਆ ਅਤੇ ਉਸ ਦੇ ਮਾਤਾ-ਪਿਤਾ ਕਿੱਥੇ ਹਨ।


Related News