ਪੋਲੈਂਡ : ਮਹਿਲਾ ਨੇ ਦਿੱਤਾ 6 ਜੁੜਵਾਂ ਬੱਚਿਆਂ ਨੂੰ ਜਨਮ, ਰਾਸ਼ਟਰਪਤੀ ਨੇ ਦਿੱਤੀ ਵਧਾਈ

05/21/2019 3:39:28 PM

ਵਾਰਸਾ (ਬਿਊਰੋ)— ਇਕ ਮਹਿਲਾ ਵੱਲੋਂ ਜੁੜਵਾਂ ਬੱਚਿਆਂ ਨੂੰ ਜਨਮ ਦੇਣਾ ਤਾਂ ਆਮ ਗੱਲ ਹੈ ਪਰ ਇਕੱਠਿਆਂ 6-7 ਬੱਚਿਆਂ ਨੂੰ ਜਨਮ ਦੇਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਪੋਲੈਂਡ ਦਾ ਅਜਿਹਾ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਇਕੱਠੇ 6 ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇਸ਼ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਲਈ ਦੇਸ਼ ਦੇ ਰਾਸ਼ਟਰਪਤੀ ਐਂਡਰੀਜ਼ ਡੂਡਾ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ।

ਇਨ੍ਹਾਂ ਬੱਚਿਆਂ ਦਾ ਜਨਮ ਉੱਤਰੀ ਪੋਲੈਂਡ ਦੇ ਇਕ ਹਸਪਤਾਲ ਵਿਚ ਹੋਇਆ। ਇਨ੍ਹਾਂ ਵਿਚ ਚਾਰ ਕੁੜੀਆਂ ਅਤੇ ਦੋ ਮੁੰਡੇ ਹਨ। ਕ੍ਰਾਕੋਵ ਸਥਿਤ ਯੂਨੀਵਰਸਿਟੀ ਹਸਪਤਾਲ ਦੀ ਬੁਲਾਰਨ ਮਾਰੀਆ ਵਲੋਦਕੋਵਸਕਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਜਨਮ ਗਰਭ ਦੇ 29ਵੇਂ ਹਫਤੇ ਵਿਚ ਹੋਇਆ। ਇਨ੍ਹਾਂ ਬੱਚਿਆਂ ਦਾ ਵਜ਼ਨ 890 ਗ੍ਰਾਮ ਤੋਂ 1.3 ਕਿਲੋਗ੍ਰਾਮ ਦੇ ਵਿਚ ਹੈ। ਬੁਲਾਰਨ ਨੇ ਦੱਸਿਆ ਕਿ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ ਪਰ ਅੱਗੇ ਦੇ ਵਿਕਾਸ ਲਈ ਉਨ੍ਹਾਂ ਨੂੰ ਇਨਕਿਊਬੇਟਰ ਵਿਚ ਰੱਖਿਆ ਗਿਆ ਹੈ। ਮਾਰੀਆ ਵਲੋਦਕੋਵਸਕਾ ਨੇ ਦੱਸਿਆ ਕਿ ਪਹਿਲਾਂ ਆਸ ਕੀਤੀ ਜਾ ਰਹੀ ਸੀ ਕਿ ਪੰਜ ਬੱਚਿਆਂ ਦਾ ਜਨਮ ਹੋਣ ਵਾਲਾ ਹੈ ਪਰ ਬਾਅਦ ਵਿਚ 6 ਬੱਚਿਆਂ ਨੇ ਜਨਮ ਲਿਆ।

ਹਸਪਤਾਲ ਦੇ ਨਿਓਨੈਟੋਲੌਜੀ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਰਿਸਜਾਰਡ ਲੌਟਰਬਾਖ ਨੇ ਦੱਸਿਆ ਕਿ ਅਜਿਹਾ ਪੋਲੈਂਡ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਕੱਠੇ 6 ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੋਵੇ। ਇਹ ਪੂਰੇ ਵਿਸ਼ਵ ਵਿਚ ਅਨੋਖੀ ਘਟਨਾ ਹੈ। ਪੋਲੈਂਡ ਦੇ ਰਾਸ਼ਟਰਪਤੀ ਐਂਡਰੇਜ਼ ਡੂਡਾ ਨੇ ਟਵਿੱਟਰ 'ਤੇ ਬੱਚਿਆਂ ਦੇ ਮਾਤਾ-ਪਿਤਾ ਅਤੇ ਡਾਕਟਰਾਂ ਨੂੰ ਵਧਾਈ ਦਿੱਤੀ।

 


Vandana

Content Editor

Related News