ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਦਿੱਤੇ ਗੁਜਰਾਤ, ਹਿਮਾਚਲ ਦੇ ਬਣੇ ਤੋਹਫੇ
Thursday, Nov 17, 2022 - 10:23 AM (IST)
ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀ ਵਿਚ ਜੀ-20 ਸਿਖਰ ਸੰਮਲੇਨ ਦੌਰਾਨ ਦੁਨੀਆ ਭਰ ਦੇ ਨੇਤਾਵਾਂ ਨੂੰ ਤੋਹਫੇ ਦੇਣ ਲਈ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀ ਖੁਸ਼ਹਾਲ ਵਿਰਾਸਤ ਦੀ ਨੁਮਾਇੰਦਗੀ ਕਰਨ ਵਾਲੀਆਂ ਕਲਾਕ੍ਰਿਤੀਆਂ ਅਤੇ ਰਵਾਇਤੀ ਵਸਤੂਆਂ ਦੀ ਚੋਣ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਕਾਂਗੜਾ ਦੇ ਲਘੂ ਚਿੱਤਰ (ਮਿਨੀਯੇਚਰ ਪੇਂਟਿੰਗ) ਭੇਟ ਕੀਤੇ, ਜੋ ‘ਸ਼੍ਰਿੰਗਾਰ ਰਸ’ ਨੂੰ ਦਰਸਾਉਂਦੇ ਹਨ।
ਉਨ੍ਹਾਂ ਬ੍ਰਿਟਿਸ਼ ਹਮਅਹੁਦਾ ਰਿਸ਼ੀ ਸੁਨਕ ਨੂੰ ਹੱਥ ਨਾਲ ਬਣਿਆ ਗੁਜਰਾਤੀ ਕੱਪੜਾ ‘ਮਾਤਾ ਨੀ ਪਛੇੜੀ’ ਭੇਟ ਕੀਤਾ, ਇਹ ਦੇਵੀ ਮਾਂ ਦੇ ਮੰਦਰਾਂ ਵਿਚ ਭੇਟ ਦਾ ਇਕ ਰੂਪ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆਈ ਨੇਤਾ ਐਂਥਨੀ ਅਲਬਨੀਜ਼ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਗੁਜਰਾਤ ਦੇ ਛੋਟਾ ਨਾਗਪੁਰ ਇਲਾਕੇ ਦੇ ਰਾਠਵਾ ਕਲਾਕਾਰਾਂ ਵਲੋਂ ਬਣਾਈ ਜਾਣ ਵਾਲੀ ਰਵਾਇਤੀ ਜਨਜਾਤੀ ਲੋਕ ਚਿਤਰਕਲਾ ‘ਪਿਥੌਰਾ’ ਤੋਹਫੇ ਵਜੋਂ ਦਿੱਤੀ।
ਸਪੇਨ ਦੇ ਪੀ. ਐੱਮ ਪੇਡਰੋ ਸਾਂਚੇਜ ਨੂੰ ਕਨਾਲ ਬ੍ਰਾਸ ਸੈੱਟ ਦਿੱਤਾ।
ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨੇ ਇਤਾਲਵੀ ਹਮਅਹੁਦਾ ਜਾਰਜੀਆ ਮੇਲੋਨੀ ਨੂੰ ‘ਪਾਟਨ ਪਟੋਲਾ’ ਦੁਪੱਟਾ ਭੇਟ ਕੀਤਾ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ, ਜਰਮਨੀ ਅਤੇ ਸਿੰਗਾਪੁਰ ਦੇ ਨੇਤਾਵਾਂ ਨੂੰ ਤੋਹਫੇ ਵਿਚ ‘ਐਗੇਟ’ (ਗੋਮੇਦ) ਦੇ ਪਿਆਲੇ ਦਿੱਤੇ, ਜੋ ਗੁਜਰਾਤ ਦੇ ਕੱਛ ਖੇਤਰ ਨਾਲ ਜੁੜੇ ਰਵਾਇਤੀ ਸ਼ਿਲਪ ਦਾ ਕੰਮ ਹੈ।
ਪ੍ਰਧਾਨ ਮੰਤਰੀ ਨੇ ਦੁਨੀਆ ਦੇ ਨੇਤਾਵਾਂ ਨੂੰ ਤੋਹਫੇ ਦੇਣ ਦੀ ਪ੍ਰਥਾ ਦੀ ਵਰਤੋਂ ਭਾਰਤ ਦੇ ਖੁਸ਼ਹਾਲ ਅਤੇ ਪ੍ਰਾਚੀਨ ਕਲਾਕ੍ਰਿਤੀ ਤੇ ਸ਼ਿਲਪ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਵਸਤੂਆਂ ਦੇ ਨਾਲ ਪੇਸ਼ ਕਰਨ ਲਈ ਕੀਤਾ ਹੈ। ਇਸ ਵਾਰ ਉਨ੍ਹਾਂ ਤੋਹਫਿਆਂ ਦੇ ਤੌਰ ’ਤੇ ਦੇਣ ਲਈ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਰਵਾਇਤੀ ਕੰਮ ਨੂੰ ਚੁਣਿਆ। ਹਿਮਾਚਲ ਵਿਚ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਹਨ ਤਾਂ ਉਥੇ ਹੀ ਗੁਜਰਾਤ ਵਿਚ 2 ਪੜਾਵਾਂ ਵਿਚ 1 ਦਸੰਬਰ ਅਤੇ 5 ਦਸੰਬਰ ਨੂੰ ਵਿਧਾਨ ਸਭਾ ਲਈ ਵੋਟਾਂ ਪਾਈਆਂ ਜਾਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਨੇ ਮੇਜ਼ਬਾਨ ਦੇਸ਼ ਇੰਡੋਨੇਸ਼ੀਆ ਦੇ ਨੇਤਾ ਨੂੰ ਸੂਰਤ ਦੇ ਕਲਾਕਾਰਾਂ ਵਲੋਂ ਬਣਾਇਆ ਗਿਆ ਚਾਂਦੀ ਦਾ ਕਟੋਰਾ ਅਤੇ ਕਿੰਨੌਰ ਦੇ ਕਾਰੀਗਰਾਂ ਵਲੋਂ ਬਣਾਈ ਗਈ ਸ਼ਾਲ ਭੇਟ ਕੀਤੀ।