ਫਿਲਪੀਂਸ ਨੇ ਤੇਲ-ਗੈਸ ਦੀ ਖੋਜ ਲਈ ਕੀਤਾ ਚੀਨ ਨਾਲ ਸਮਝੌਤਾ

Monday, Apr 09, 2018 - 05:53 PM (IST)

ਮਨੀਲਾ (ਭਾਸ਼ਾ)— ਫਿਲਪੀਂਸ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਕ ਖਾਸ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਫਿਲਪੀਂਸ ਨੂੰ ਦੱਖਣੀ ਚੀਨ ਸਾਗਰ ਦੇ ਇਕ ਹਿੱਸੇ ਵਿਚ ਤੇਲ ਅਤੇ ਗੈਸ ਦੀ ਖੋਜ ਲਈ ਅਗਲੇ ਕੁਝ ਮਹੀਨਿਆਂ ਦੇ ਅੰਦਰ ਚੀਨ ਨਾਲ ਸਾਂਝਾ ਖੋਜ ਸਮਝੌਤਾ ਹੋ ਜਾਣ ਦੀ ਉਮੀਦ ਹੈ। ਦੋਵੇਂ ਦੇਸ਼ ਚੀਨ ਸਾਗਰ ਦੇ ਉਸ ਬਿਜ਼ੀ ਜਲ ਮਾਰਗ ਵਾਲੇ ਹਿੱਸੇ 'ਤੇ ਕਬਜ਼ੇ ਦਾ ਦਾਅਵਾ ਕਰਦੇ ਰਹੇ ਹਨ। ਦੋਹਾਂ ਦੇਸ਼ਾਂ ਨੇ ਪ੍ਰਭੂਸੱਤਾ ਦੇ ਮਾਮਲੇ ਨੂੰ ਨਜ਼ਰ ਅੰਦਾਜ਼ ਕਰਦਿਆਂ ਬੀਤੀ ਫਰਵਰੀ ਵਿਚ ਦਾਅਵੇ ਵਾਲੇ ਉਸ ਇਲਾਕੇ ਵਿਚ ਸਾਂਝੀ ਖੋਜ ਦੀਆਂ ਪ੍ਰਕਿਰਿਆਵਾਂ ਨੂੰ ਤੈਅ ਕਰਨ ਲਈ ਇਕ ਵਿਸ਼ੇਸ਼ ਪੈਨਲ ਦੇ ਗਠਨ 'ਤੇ ਸਹਿਮਤੀ ਪ੍ਰਦਾਨ ਕੀਤੀ। 
ਚੀਨ ਵਿਚ ਫਿਲਪੀਂਸ ਦੇ ਰਾਜਦੂਤ ਜੋਸ਼ ਸੈਂਟੀਯੋਗੋ ਸਾਂਤਾ ਰੋਮਾਨਾ ਨੇ ਚੀਨ ਦੇ ਹੈਨਾਨ ਟਾਪੂ ਸੂਬੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ,''ਸਾਨੂੰ ਅਗਲੇ ਕੁਝ ਮਹੀਨਿਆਂ ਦੌਰਾਨ ਹੀ ਇਸ ਸੌਦੇ ਦੇ ਹੋ ਜਾਣ ਦੀ ਉਮੀਦ ਹੈ।'' ਸਾਂਤਾ ਰੋਮਾਨਾ ਨੇ ਕਿਹਾ,''ਇਸ ਸਮਝੌਤੇ ਦੇ ਪਿੱਛੇ ਸਿਆਸੀ ਇੱਛਾ ਸ਼ਕਤੀ ਹੈ ਅਤੇ ਟੀਚੇ ਨੂੰ ਪੂਰਾ ਕਰਨ ਲਈ ਕੁਝ ਸਮਾਂ ਲੱਗ ਸਕਦਾ ਹੈ।'' ਉਨ੍ਹਾਂ ਨੇ ਗੱਲਬਾਤ ਵਿਚ ਕਿਹਾ,''ਫਿਲਪੀਂਸ ਦਾ ਉਦੇਸ਼ ਆਪਣੀ ਊਰਜਾ ਸ਼ਕਤੀ ਨੂੰ ਵਧਾਵਾ ਦੇਣਾ ਹੈ।'' ਚੀਨ ਅਰਬ ਸਾਗਰ ਦੇ ਤੇਲ ਅਤੇ ਗੈਸ ਦੀ ਭਰਪੂਰਤਾ ਵਾਲੇ ਮਹੱਤਵਪੂਰਣ ਕਾਰੋਬਾਰੀ ਮਾਰਗ 'ਤੇ ਕਬਜ਼ੇ ਦਾ ਦਾਅਵਾ ਕਰਦਾ ਹੈ। ਫਿਲਪੀਂਸ ਦੇ ਇਲਾਵਾ ਬਰੁਨੇਈ, ਮਲੇਸ਼ੀਆ, ਤਾਈਵਾਨ ਅਤੇ ਵੀਅਤਨਾਮ ਵੀ ਇਸ ਦੇ ਵੱਖ-ਵੱਖ ਹਿੱਸਿਆਂ 'ਤੇ ਕਬਜ਼ੇ ਦਾ ਦਾਅਵਾ ਕਰਦੇ ਹਨ। 
ਫਿਲਪੀਂਸ ਦੇ ਰਾਸ਼ਟਰਪਤੀ ਸੋਮਵਾਰ ਨੂੰ ਏਸ਼ੀਆਈ ਬੋਆਵੋ ਫੋਰਮ ਦੀ ਬੈਠਕ ਵਿਚ ਭਾਗ ਲੈਣ ਲਈ ਚੀਨ ਰਵਾਨਾ ਹੋ ਗਏ, ਜਿੱਥੇ ਕੱਲ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਵਿਚ ਸਾਂਝੇ ਸਮਝੌਤੇ 'ਤੇ ਵੀ ਮਹੱਤਵਪੂਰਣ ਚਰਚਾ ਹੋਣ ਦੀ ਉਮੀਦ ਹੈ। ਬੀਤੇ ਮਹੀਨੇ ਫਿਲਪੀਂਸ ਨੇ ਦੱਖਣੀ ਚੀਨ ਸਾਗਰ ਦੇ ਦੋ ਇਲਾਕਿਆਂ ਨੂੰ ਨਿਸ਼ਾਨਬੱਧ ਕੀਤਾ ਹੈ, ਜਿੱਥੇ ਤੇਲ ਅਤੇ ਗੈਸ ਖੋਜ ਲਈ ਸਾਂਝਾ ਸਮਝੌਤਾ ਹੋਣ ਦੀ ਸੰਭਾਵਨਾ ਹੈ। ਸਾਰਿਆਂ ਦੀਆਂ ਨਜ਼ਰਾਂ ਕੱਲ ਹੋਣ ਵਾਲੀ ਪ੍ਰਸਤਾਵਿਤ ਬੈਠਕ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਇਸ ਸੰਬੰਧ ਵਿਚ ਨਵਾਂ ਐਲਾਨ ਹੋਣ ਦੀ ਉਮੀਦ ਹੈ।


Related News