ਗੈਂਗਸਟਰ ਨਿਊਟਨ ਦੇ ਪਿਤਾ ਨੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਪੁਲਸ ਨੇ ਕੀਤਾ ਕਾਬੂ

Monday, Sep 30, 2024 - 04:11 PM (IST)

ਗੈਂਗਸਟਰ ਨਿਊਟਨ ਦੇ ਪਿਤਾ ਨੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਪੁਲਸ ਨੇ ਕੀਤਾ ਕਾਬੂ

ਲੁਧਿਆਣਾ (ਗੌਤਮ)- ਗੈਂਗਸਟਰ ਨਿਊਟਨ ਦੇ ਪਿਤਾ ਨੂੰ ਥਾਣਾ ਦੁਗਰੀ ਦੀ ਪੁਲਸ ਨੇ ਮਹਿਲਾ ਨੂੰ ਰਾਹ ’ਚ ਰੋਕ ਕੇ ਕੁੱਟਮਾਰ ਕਰਨ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਕਾਬੂ ਕੀਤਾ ਹੈ। ਪੁਲਸ ਨੇ ਫੇਸ-3 ’ਚ ਸਥਿਤ ਫਲੈਟਸ ’ਚ ਰਹਿਣ ਵਾਲੀ ਮਹਿਲਾ ਦੀ ਸ਼ਿਕਾਇਤ ’ਤੇ ਜਮੇਸ਼ਪਾਲ ਉਰਫ਼ ਜੱਸਾ ਅਤੇ ਉਸ ਦੇ ਬੇਟੇ ਸ਼ੁਭਮ ਖਿਲਾਫ ਮਾਮਲਾ ਦਰਜ ਕੀਤਾ ਹੈ। ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਮੁਲਜ਼ਮ ਦੇ ਬੇਟੇ ਗੈਂਗਸਟਰ ਨਿਊਟਨ ਨੂੰ ਪੁਲਸ ਨੇ ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕੀਤਾ ਸੀ, ਜਿਸ ਦੇ ਖਿਲਾਫ ਪਹਿਲਾਂ ਹੀ ਮਾਮਲਾ ਦਰਜ ਹੈ।

ਉਕਤ ਮੁਲਜ਼ਮ ਨੂੰ ਉਸ ’ਤੇ ਸ਼ੱਕ ਹੈ ਕਿ ਉਸ ਨੇ ਨਿਊਟਨ ਨੂੰ ਫੜਾਉਣ ਲਈ ਪੁਲਸ ਕੋਲ ਮੁਖ਼ਬਰੀ ਕੀਤੀ, ਜਿਸ ਕਾਰਨ ਉਕਤ ਮੁਲਜ਼ਮ ਆਏ ਦਿਨ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। 27 ਸਤੰਬਰ ਨੂੰ ਜਦੋਂ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਐੱਲ. ਆਈ. ਜੀ. ਫਲੈਟਸ ’ਚ ਆਈ ਸੀ ਤਾਂ ਜਦੋਂ ਉਹ ਉਕਤ ਮੁਲਜ਼ਮ ਦੇ ਫਲੈਟ ਦੇ ਅੱਗਿਓਂ ਸੜਕ ਦੇ ਵੱਲ ਜਾ ਰਹੀ ਸੀ ਤਾਂ ਉਕਤ ਮੁਲਜ਼ਮ ਨੇ ਉਸ ਨੂੰ ਸ਼ਰਾਬ ਦੇ ਨਸ਼ੇ ’ਚ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਉਸ ਨਾਲ ਸਰੀਰਕ ਛੇੜਛਾੜ ਵੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ! ਪੈ ਗਈਆਂ ਭਾਜੜਾਂ

ਜਦੋਂ ਉਸ ਨੇ ਵਿਰੋਧ ਜਤਾਇਆ ਤਾਂ ਮੁਲਜ਼ਮ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਮੁਲਜ਼ਮ ਉਸ ਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਜਦੋਂ ਆਲੇ ਦੁਆਲੇ ਦੇ ਲੋਕ ਉਸ ਦੀ ਚੀਕਣ ਦੀ ਅਵਾਜ਼ ਸੁਣ ਕੇ ਮੌਕੇ ’ਤੇ ਪੁੱਜੇ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਦੁਗਰੀ ਦੇ ਇੰਸ. ਹਰਦਮ ਚੀਮਾ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪੁਲਸ ਨੇ ਨਿਊਟਨ ਅਤੇ ਉੁਸ ਦੇ ਸਾਥੀਆਂ ਨੂੰ ਕਾਬੂ ਕਰ ਕੇ ਜੇਲ ਭੇਜ ਦਿੱਤਾ ਸੀ। ਉਸ ਦੇ ਖਿਲਾਫ ਵੱਖ-ਵੱਖ ਥਾਣਿਆਂ ’ਚ ਮਾਮਲਾ ਦਰਜ ਹੈ। ਉਸ ਨੂੰ ਥਾਣਾ ਦੁਗਰੀ ’ਚ ਇਕ ਔਰਤ ਦੇ ਕਤਲ ਦੇ ਦੋਸ਼ ’ਚ ਕਾਬੂ ਕੀਤਾ ਸੀ। ਮੁਲਜ਼ਮ ਸੋਸ਼ਲ ਮੀਡੀਆ ’ਤੇ ਪੁਲਸ ਨੂੰ ਵੀ ਚੈਲੇਂਜ ਕਰ ਰਿਹਾ ਸੀ।


author

Anmol Tagra

Content Editor

Related News