ਕੈਨੇਡਾ ਨੇ ਫਾਈਜ਼ਰ ਦੇ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਲੋਕਾਂ ਨੂੰ ਜਲਦ ਲੱਗੇਗਾ ਟੀਕਾ

Thursday, Dec 10, 2020 - 09:27 AM (IST)

ਓਟਾਵਾ- ਬ੍ਰਿਟੇਨ ਅਤੇ ਬਹਿਰੀਨ ਦੇ ਬਾਅਦ ਕੈਨੇਡਾ ਨੇ ਵੀ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੈਲਥ ਕੈਨੇਡਾ ਵੈੱਬਸਾਈਟ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਮਰੀਕੀ ਦਵਾਈ ਨਿਰਮਾਤਾ ਫਾਈਜ਼ਰ ਅਤੇ ਜਰਮਨੀ ਦੀ ਬਾਇਐਨਟੈਕ ਵਲੋਂ ਵਿਕਸਿਤ ਕੀਤੀ ਗਈ ਵੈਕਸੀਨ ਦੇਸ਼ ਵਿਚ ਮਨਜ਼ੂਰੀ ਪ੍ਰਾਪਤ ਕਰ ਚੁੱਕੀ ਹੈ। ਹੁਣ ਕੈਨੇਡਾ ਵਿਚ ਵੀ ਫਾਈਜ਼ਰ ਟੀਕੇ ਦੀਆਂ ਖੁਰਾਕਾਂ ਜਲਦ ਹੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ। 

ਹੈਲਥ ਕੈਨੇਡਾ ਮੁਤਾਬਕ ਕੈਨੇਡਾ ਨੂੰ ਇਸ ਮਹੀਨੇ 2,49,000 ਖੁਰਾਕਾਂ ਮਿਲ ਜਾਣਗੀਆਂ। ਉੱਥੇ ਹੀ ਮਾਰਚ ਤੱਕ ਟੀਕੇ ਦੀਆਂ 40 ਲੱਖ ਖੁਰਾਕਾਂ ਪ੍ਰਾਪਤ ਕਰ ਲਈਆਂ ਜਾਣਗੀਆਂ। ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਨੇ ਟੀਕੇ ਦੀਆਂ ਦੋ ਕਰੋੜ ਖੁਰਾਕਾਂ ਦਾ ਸੌਦਾ ਕੀਤਾ ਹੈ। ਇਸ ਦੇ ਨਾਲ ਹੀ ਹੈਲਥ ਕੈਨੇਡਾ ਤਿੰਨ ਹੋਰ ਟੀਕਿਆਂ ਦੀ ਸਮੀਖਿਆ ਕਰ ਰਿਹਾ ਹੈ, ਜਿਸ ਵਿਚ ਮੋਡੇਰਨਾ ਦਾ ਟੀਕਾ ਵੀ ਸ਼ਾਮਲ ਹੈ। 

ਉੱਥੇ ਹੀ, ਅਮਰੀਕੀ ਰੈਗੂਲੇਟਰਾਂ ਮੁਤਾਬਕ ਦਵਾਈ ਕੰਪਨੀ ਫਾਈਜ਼ਰ ਦੇ ਕੋਰੋਨਾ ਟੀਕੇ 'ਤੇ ਪਹਿਲੀ ਵਿਗਿਆਨਕ ਸਮੀਖਿਆ ਜਾਰੀ ਕੀਤੀ ਹੈ ਤੇ ਪੁਸ਼ਟੀ ਕੀਤੀ ਹੈ ਕਿ ਇਹ ਟੀਕਾ ਅਸਰਦਾਰ ਹੈ। ਇਸ ਨੂੰ ਮਨਜ਼ੂਰੀ ਮਿਲਣ 'ਤੇ ਦੇਸ਼ ਵਿਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦਾ ਰਾਹ ਸਾਫ ਹੋ ਜਾਵੇਗਾ। ਬ੍ਰਿਟੇਨ ਵਿਚ ਫਾਈਜ਼ਰ ਅਤੇ ਬਾਇਐਨਟੈਕ ਵਲੋਂ ਵਿਕਸਿਤ ਕੋਰੋਨਾ ਟੀਕੇ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ। ਇਸ ਵਿਚਕਾਰ ਮੰਗਲਵਾਰ ਨੂੰ ਟੀਕਾ ਲਗਵਾਉਣ ਵਾਲੇ ਦੋ ਲੋਕਾਂ ਵਿਚ ਇਸ ਦੇ ਬੁਰੇ ਪ੍ਰਭਾਵ ਦੇਖੇ ਗਏ ਹਨ। 


Lalita Mam

Content Editor

Related News