ਅਲਜ਼ਾਈਮਰ ਪੀੜਤ ਸ਼ਖ਼ਸ ਦੇ ਪਿਆਰ ਦੀ ਅਨੋਖੀ ਕਹਾਣੀ, 12 ਸਾਲ ਬਾਅਦ ਪਤਨੀ ਨਾਲ ਮੁੜ ਰਚਾਇਆ ਵਿਆਹ
Monday, Jun 28, 2021 - 01:33 PM (IST)
ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਸੱਚਾ ਪਿਆਰ ਮਨੁੱਖ ਦੀਆਂ ਯਾਦਾਂ ਵਿਚ ਹਮੇਸ਼ਾ ਰਹਿੰਦਾ ਹੈ।ਇਸ ਗੱਲ ਨੂੰ ਸੱਚ ਸਾਬਤ ਕਰਦਾ ਅਮਰੀਕਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਕਨੈਕਟੀਕਟ ਦੇ ਪੀਟਰ ਮਾਰਸ਼ੇਲ (56) ਅਲਜ਼ਾਈਮਰ ਤੋਂ ਪੀੜਤ ਹਨ। 2009 ਵਿਚ ਉਹਨਾਂ ਦਾ ਵਿਆਹ ਲੀਸਾ ਨਾਲ ਹੋਇਆ ਸੀ ਪਰ ਬੀਮਾਰੀ ਕਾਰਨ ਉਹ ਸਭ ਕੁਝ ਭੁੱਲ ਗਏ ਕਿ ਉਹਨਾਂ ਦਾ ਵਿਆਹ ਹੋ ਚੁੱਕਾ ਹੈ ਪਰ ਉਹਨਾਂ ਨੂੰ ਇਹ ਯਾਦ ਰਿਹਾ ਕਿ ਲੀਸਾ ਉਹ ਔਰਤ ਹੈ ਜੋ ਉਹਨਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ। ਇਸੇ ਸਾਲ ਅਪ੍ਰੈਲ ਵਿਚ ਪੀਟਰ ਘਰ ਵਿਚ ਟੀਵੀ ਦੇਖ ਰਹੇ ਸਨ ਜਿਸ ਵਿਚ ਇਕ ਵਿਆਹ ਦਾ ਸੀਨ ਚੱਲ ਰਿਹਾ ਸੀ। ਪੀਟਰ ਨੇ ਉਸੇ ਵੇਲੇ ਤੈਅ ਕੀਤਾ ਕਿ ਉਹ ਆਪਣੀ ਪਸੰਦੀਦਾ ਦੋਸਤ ਨਾਲ ਵਿਆਹ ਕਰਨਗੇ। ਉਹਨਾਂ ਨੇ ਲੀਸਾ ਨੂੰ ਮੁੜ ਪ੍ਰਪੋਜ਼ ਕੀਤਾ ਅਤੇ ਹਾਲ ਹੀ ਵਿਚ ਦੋਵੇਂ ਦੁਬਾਰਾ ਇਕ ਹੋ ਗਏ।
ਖਾਸ ਗੱਲ ਇਹ ਹੈ ਕਿ ਪੀਟਰ ਨੂੰ ਹਾਲੇ ਵੀ ਯਾਦ ਨਹੀਂ ਹੈ ਕਿ ਉਹਨਾਂ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ। 2001 ਵਿਚ ਪੀਟਰ ਅਤੇ ਲੀਸਾ ਪੈਨਸਿਲਵੇਨੀਆ ਵਿਚ ਇਕ-ਦੂਜੇ ਦੇ ਗੁਆਂਢੀ ਸਨ। ਦੋਹਾਂ ਦਾ ਤਲਾਕ ਹੋਇਆ ਜਿਸ ਮਗਰੋਂ ਉਹਨਾਂ ਦੀਆਂ ਨਜ਼ਦੀਕੀਆਂ ਵੱਧ ਗਈਆਂ। ਬਾਅਦ ਵਿਚ ਪੀਟਰ ਕੰਮ ਦੇ ਸਿਲਸਿਲੇ ਵਿਚ ਕਨੈਕਟੀਕਟ ਸ਼ਿਫਟ ਹੋ ਗਏ ਪਰ ਦੋਵੇਂ ਅਗਲੇ 9 ਸਾਲ ਤੱਕ ਇਕ-ਦੂਜੇ ਨਾਲ ਜੁੜੇ ਰਹੇ। 13 ਅਗਸਤ, 2009 ਵਿਚ ਦੋਹਾਂ ਨੇ ਵਿਆਹ ਕਰ ਲਿਆ ਪਰ 2017 ਦੀ ਸ਼ੁਰੂਆਤ ਵਿਚ ਪੀਟਰ ਚੀਜ਼ਾਂ ਭੁੱਲਣ ਲੱਗੇ।ਉਹਨਾਂ ਨੂੰ ਸ਼ਬਦ ਯਾਦ ਰੱਖਣ ਵਿਚ ਮੁਸ਼ਕਲ ਹੋਣ ਲੱਗੀ। ਕੁਝ ਸਮੇਂ ਬਾਅਦ ਡਾਕਟਰਾਂ ਨੇ ਘੋਸ਼ਿਤ ਕੀਤਾ ਕਿ ਉਹ ਅਲਜ਼ਾਈਮਰ ਨਾਲ ਪੀੜਤ ਹਨ ਪਰ ਆਪਣੀ ਵਿਗੜਦੀ ਯਾਦਸ਼ਕਤੀ ਦੇ ਬਾਵਜੂਦ ਵੀ ਪੀਟਰ ਨੂੰ ਲੀਸਾ ਯਾਦ ਰਹੀ।
ਪੜ੍ਹੋ ਇਹ ਅਹਿਮ ਖਬਰ- ਫਰਿਜ਼ਨੋ 'ਚ ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਦੇਣ ਵਾਲੇ ਸਾਬਕਾ ਚੀਨੀ ਅਮਰੀਕੀ ਸੈਨਿਕ ਸਨਮਾਨਿਤ
2020 ਵਿਚ ਲੀਸਾ ਨੇ ਆਪਣਾ ਕੰਮ ਛੱਡ ਦਿੱਤਾ ਅਤੇ ਪੂਰੀ ਤਰ੍ਹਾਂ ਪੀਟਰ ਦੀ ਦੇਖਭਾਲ ਵਿਚ ਜੁਟ ਗਈ। ਲੀਸਾ ਦੱਸਦੀ ਹੈ ਕਿ 2021 ਦੀ ਸ਼ੁਰੂਆਤ ਵਿਚ ਇਕ ਦਿਨ ਪੀਟਰ ਟੀਵੀ ਦੇਖ ਰਹੇ ਸਨ। ਅਚਾਨਕ ਉਹ ਉਠੇ ਅਤੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ।ਮੈਂ ਤੁਰੰਤ ਹਾਂ ਕਰ ਦਿੱਤੀ। ਇਸ ਵਿਆਹ ਦੀਆਂ ਤਿਆਰੀਆਂ ਲੀਸਾ ਦੀ ਬੇਟੀ ਸਾਰਾ (32) ਨੇ ਕੀਤੀਆਂ। ਉਸੇ ਨੇ ਸਾਰਿਆਂ ਨਾਲ ਗੱਲ ਕੀਤੀ। ਮਹਿਮਾਨਾਂ ਨੂੰ ਬੁਲਾਇਆ ਅਤੇ ਸੈਂਕੜੇ ਮਹਿਮਾਨਾਂ ਦੀ ਮੌਜੂਦਗੀ ਵਿਚ ਪੀਟਰ ਅਤੇ ਲੀਸਾ ਪਤੀ-ਪਤਨੀ ਬਣ ਗਏ।