ਪੀਅਰਸਨ ਹਵਾਈ ਅੱਡੇ ਦੇ ਮੁਲਾਜ਼ਮਾਂ ਦੀ ਸਵਿਸਪੋਰਟ ਵੱਲੋਂ ਕੀਤੀ ਪੇਸ਼ਕਸ਼ ਰੱਦ

08/25/2017 3:51:44 AM

ਟੋਰਾਂਟੋ — ਪੀਅਰਸਨ ਹਵਾਈ ਅੱਡੇ 'ਤੇ ਜਹਾਜ਼ਾਂ 'ਚ ਸਮਾਨ ਲਾਉਣ-ਚੜਾਉਣ ਅਤੇ ਹੋਰ ਕਈ ਮਹੱਤਵਪੂਰਨ ਕੰਮਾਂ ਨੂੰ ਪੂਰਾ ਕਰਨ ਵਾਲੇ 700 ਮੁਲਾਜ਼ਮਾਂ ਦੀ ਹੜਤਾਲ ਜਾਰੀ ਰਹੇਗੀ ਕਿਉਂਕਿ ਯੂਨੀਅਨ ਨੇ ਸਵਿਸਪੋਰਟ ਵੱਲੋਂ ਕੀਤੀ ਨਵੀਂ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਯੂਨੀਅਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਵੱਲੋਂ ਕੀਤੀ ਗਈ ਪੇਸ਼ਕਸ਼ ਬਿਲਕੁਲ ਉਸੇ ਤਰ੍ਹਾਂ ਦੀ ਸੀ ਜੋ ਅਸੀਂ ਪਹਿਲਾਂ ਰੱਦ ਕਰ ਚੁੱਕੇ ਹਾਂ।
ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਹਾਲੇ ਵੀ ਮੁੱਦਿਆਂ ਦਾ ਹੱਲ ਕੱਢਣ ਤੋਂ ਪਿੱਛੇ ਹੱਟ ਰਹੀ ਹੈ। ਯੂਨੀਅਨ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ 3 ਸਾਲ ਤਕ ਤਨਖਾਹ 'ਚ ਕੋਈ ਵਾਧਾ ਨਾ ਕਰਨ ਦੀ ਜ਼ਿਦ ਫੱੜੀ ਹੋਈ ਹੈ। ਜ਼ਿਕਰਯੋਗ ਹੈ ਕਿ ਸਨਵਿੰਗ, ਏਅਰ ਟ੍ਰਾਂਜ਼ੈਟ, ਏਅਰ ਫਰਾਂਸ ਅਤੇ ਹੋਰਨਾਂ ਏਅਰਲਾਈਨਜ਼ ਲਈ ਸੇਵਾਵਾਂ ਪ੍ਰਦਾਨ ਕਰ ਰਹੀ ਕੰਪਨੀ ਸਵਿਸਪੋਰਟ ਦੀ ਆਪਣੇ ਮੁਲਾਜ਼ਮਾਂ ਨਾਲ ਗੱਲਬਾਤ ਸਫਲ ਨਾ ਹੋਣ ਕਾਰਨ ਜੁਲਾਈ ਦੇ ਆਖਿਰ 'ਚ ਹੜਤਾਲ ਸ਼ੁਰੂ ਹੋਈ ਸੀ। ਭਾਵੇਂ ਕਾਮਿਆਂ ਦੀ ਥੋੜ ਕਾਰਨ ਪੀਅਰਸਨ ਹਵਾਈ ਅੱਡੇ ਦੇ ਕਈ ਕੰਮ ਪ੍ਰਭਾਵਿਤ ਹੋ ਰਹੇ ਹਨ ਪਰ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਹੜਤਾਲ ਹੋਣ ਦੇ ਹਾਲਾਤ 'ਚ ਉਸ ਕੋਲ ਵਿਸ਼ੇਸ਼ ਯੋਜਨਾ ਹੈ। ਹੜਤਾਲੀ ਮੁਲਾਜ਼ਮਾਂ 'ਚ ਮੁਸ਼ਾਫਰਾਂ ਦਾ ਸਮਾਨ ਅਤੇ ਵਪਾਰਕ ਸਮਾਨ ਲਾਉਣ-ਚੜਾਉਣ ਵਾਲਿਆਂ ਤੋਂ ਇਲਾਵਾ ਕੈਬਨਿ ਕਲੀਨਰ ਅਤੇ ਹੋਰ ਗ੍ਰਾਊਂਡ ਸਟਾਫ ਸ਼ਾਮਲ ਹੈ। ਬੁਲਾਰੇ ਨੇ ਦੱਸਿਆ ਕਿ ਮੁਲਾਜ਼ਮ ਜਥੇਬੰਦੀ ਨੇ ਸਵਿਸਪੋਰਟ ਦੀ ਪੇਸ਼ਕਸ਼ ਵਾਲਾ ਕੰਟਰੈਕਟ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਕਾਮੇਂ ਹਵਾਈ ਅੱਡੇ 'ਤੇ ਮੌਜੂਦ ਹਨ ਪਰ ਹਵਾਈ ਜਹਾਜ਼ 'ਚ ਚੱੜਣ ਲਈ ਮੁਸਾਫਰਾਂ ਦੀ ਮਦਦ ਨਹੀਂ ਕਰਨਗੇ। ਉਥੇ ਸਵਿਸਪੋਰਟ ਦੀਆਂ ਸੇਵਾਵਾਂ ਲੈ ਰਹੀਆਂ ਕਈ ਏਅਰਲਾਈਨਜ਼ ਨੇ ਵੀ ਕਿਹਾ ਕਿ ਉਡਾਣ ਦੇ ਰਵਾਨਾ ਹੋਣ 'ਚ ਦੇਰੀ ਹੈ। ਬ੍ਰਿਟਿਸ਼ ਏਅਰਵੇਜ਼ ਨੇ ਵੀ ਆਪਣੀਆਂ ਸਾਰੀਆਂ ਉਡਾਣਾਂ ਬਾਦਸਤੂਰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਏਅਰਵੇਜ਼ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੁਸਾਫਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਯੂਨੀਅਨ ਨੇ ਦਾਅਵਾ ਕੀਤਾ ਕਿ ਸਵਿਸਪੋਰਟ ਦਾ ਕੰਟਰੈਕਟ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਹੈ। ਕੰਪਨੀ ਨੇ ਮਈ 'ਚ 250 ਨਵੇਂ ਕਾਮਿਆਂ ਦੀ ਭਰਤੀ ਦਾ ਫੈਸਲਾ ਕੀਤਾ ਸੀ ਅਤੇ ਇਹ ਮੁੱਦਾ ਵੀ ਯੂਨੀਅਨ ਦੀ ਲਿਸਟ 'ਚ ਸ਼ਾਮਲ ਹੈ।


Related News