''ਮਰੀਜ਼ ਨੰਬਰ 31'' ਜਿਸ ਨੇ 4800 ਲੋਕਾਂ ਨੂੰ ਵੰਡਿਆ ਕੋਰੋਨਾ ਵਾਇਰਸ

03/14/2020 3:32:03 PM

ਦੱਖਣੀ ਕੋਰੀਆ— ਦੁਨੀਆ ਭਰ 'ਚ ਖੌਫ ਮਚਾਉਣ ਵਾਲੇ ਕੋਰੋਨਾ ਵਾਇਰਸ ਤੋਂ ਹਰ ਕੋਈ ਬਚ ਕੇ ਰਹਿਣਾ ਚਾਹੁੰਦਾ ਹੈ। ਹਰ ਦੇਸ਼ ਆਪਣੇ ਹਿਸਾਬ ਨਾਲ ਇਸ ਵਾਇਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਵਾਇਰਸ ਨੂੰ 'ਕੌਮਾਂਤਰੀ ਮਹਾਮਾਰੀ' ਘੋਸ਼ਿਤ ਕਰ ਦਿੱਤਾ ਹੈ। ਕੋਰੋਨਾ ਦੇ ਲੱਛਣਾਂ ਕਾਰਨ ਦੁਨੀਆ ਭਰ 'ਚ 5,436 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਸ਼ਹੂਰੀਆਂ, ਟੈਲੀਫੋਨ ਜਾਂ ਈ-ਮੇਲ ਰਾਹੀਂ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਦੱਖਣੀ ਕੋਰੀਆ ਦੇ ਇਕ ਅਜਿਹੇ ਮਰੀਜ਼ ਬਾਰੇ ਪਤਾ ਲੱਗਾ ਹੈ ਕਿ ਜਿਸ ਨੇ ਸਭ ਤੋਂ ਜ਼ਿਆਦਾ ਲੋਕਾਂ ਤਕ ਕੋਰੋਨਾ ਪਹੁੰਚਾਇਆ।
ਆਓ ਜਾਣਦੇ ਹਾਂ ਮਰੀਜ਼ ਨੰਬਰ 31 ਦੀ ਪੂਰੀ ਕਹਾਣੀ—

ਅਲਜਜ਼ੀਰਾ ਦੀ ਖਬਰ ਮੁਤਾਬਕ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਸਿਨਚੋਨਜੀ ਚਰਚ ਦੇ ਮੈਂਬਰ ਨੂੰ ਕੋਰੋਨਾ ਵਾਇਰਸ ਹੋਇਆ ਸੀ। ਸਮਾਂ ਰਹਿੰਦੇ ਇਸ ਵਿਅਕਤੀ 'ਚ ਵਾਇਰਸ ਦੀ ਪਛਾਣ ਨਹੀਂ ਹੋ ਸਕੀ, ਜਿਸ ਦੇ ਚੱਲਦੇ ਉਹ ਆਮ ਲੋਕਾਂ ਵਿਚਕਾਰ ਘੁੰਮਦਾ-ਫਿਰਦਾ ਰਿਹਾ। ਇਸ ਦੌਰਾਨ ਇਸ ਸਖਸ਼ ਰਾਹੀਂ 4800 ਲੋਕਾਂ 'ਚ ਕੋਰੋਨਾ ਵਾਇਰਸ ਫੈਲਿਆ। ਇੰਨਾ ਹੀ ਨਹੀਂ ਇਸ ਦੇ ਸੰਪਰਕ 'ਚ ਆਉਣ ਨਾਲ ਪੀੜਤ ਹੋਏ 29 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦ ਇਸ ਪੀੜਤ ਸ਼ਖਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤਾਂ ਇਸ ਦੇ ਬੈੱਡ ਦਾ ਨੰਬਰ 31 ਸੀ, ਜਿਸ ਦੇ ਚੱਲਦਿਆਂ ਇਸ ਨੂੰ ਮਰੀਜ਼ ਨੰਬਰ-31 ਵਜੋਂ ਸੰਬੋਧਤ ਕੀਤਾ ਜਾਣ ਲੱਗਾ ਹੈ। ਮਰੀਜ਼ ਨੰਬਰ 31 ਦੀ ਲਾਪਰਵਾਹੀ ਦੇ ਚੱਲਦੇ ਇੰਨੇ ਸਾਰੇ ਲੋਕਾਂ 'ਚ ਵਾਇਰਸ ਫੈਲਣ ਅਤੇ ਜਾਨ ਜਾਣ ਦੇ ਚੱਲਦਿਆਂ ਸਿਓਲ ਮੈਟਰੋਪਾਲਿਟਨ ਸਰਕਾਰ ਨੇ ਇਸ ਦੇ ਖਿਲਾਫ ਗੈਰ ਇਰਾਦਤ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਸਥਾਨਕ ਪ੍ਰਸ਼ਾਸਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 'ਮਰੀਜ਼ 31' ਤੋਂ ਪਹਿਲਾਂ-ਦੱਖਣੀ ਕੋਰੀਆ 'ਚ ਕੋਰੋਨਾ ਦਾ ਵਾਇਰਸ ਕੰਟਰੋਲ 'ਚ ਸੀ ਪਰ ਇਸ ਨੇ ਅਣਗਣਿਤ ਲੋਕਾਂ ਨੂੰ ਪੀੜਤ ਕਰ ਦਿੱਤਾ । ਕੋਵਿਡ-19 ਦੇ ਵਧਦੇ ਪ੍ਰਭਾਵ ਦੇ ਚੱਲਦਿਆਂ ਕੈਫੇ ਅਤੇ ਛੋਟੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਕਾਲਜ, ਸਕੂਲ, ਟਿਊਸ਼ਨ ਕਲਾਸ ਬੰਦ ਕਰ ਦਿੱਤੀਆਂ ਗਈਆਂ ਹਨ। ਦੇਸ਼ 'ਚ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
14 ਮਾਰਚ ਦੀ ਰਿਪੋਰਟ ਮੁਤਾਬਕ ਦੱਖਣੀ ਕੋਰੀਆ 'ਚ ਇਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 8,086 ਹੋ ਗਈ ਹੈ। ਇਸ ਦੇ ਨਾਲ ਹੀ ਕੋਵਿਡ-19 ਨਾਲ ਪੀੜਤਾਂ ਦੀ ਗਿਣਤੀ ਵਧਣ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 72 ਹੋ ਗਈ ਹੈ।


Related News