ਜਾਪਾਨ ''ਚ ਖੜ੍ਹੇ ਜਹਾਜ਼ ''ਚੋਂ ਘਰਾਂ ਲਈ ਰਵਾਨਾ ਹੋਏ ਕਈ ਯਾਤਰੀ, ਕੀਤਾ ਰੱਬ ਦਾ ਸ਼ੁਕਰਾਨਾ

02/19/2020 6:23:24 AM

ਟੋਕੀਓ— ਜਾਪਾਨ ਦੇ ਤਟ 'ਤੇ ਵੱਖਰੇ ਖੜ੍ਹੇ ਡਾਇਮੰਡ ਪ੍ਰਿੰਸਜ਼ ਸ਼ਿਪ 'ਚ ਸਵਾਰ 542 ਤੋਂ ਵਧੇਰੇ ਲੋਕਾਂ 'ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨ੍ਹਾਂ ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ, ਉਹ ਜਹਾਜ਼ ਛੱਡ ਕੇ ਜਾ ਰਹੇ ਹਨ। ਉਨ੍ਹਾਂ ਲੋਕਾਂ ਵਲੋਂ ਰੱਬ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ ਉਹ 14 ਦਿਨਾਂ ਤੋਂ ਖੜ੍ਹੇ ਇਸ ਜਹਾਜ਼ 'ਚੋਂ ਬਾਹਰ ਨਿਕਲ ਰਹੇ ਹਨ। ਆਪਣੇ ਘਰਾਂ ਨੂੰ ਵਾਪਸ ਜਾਣ ਲਈ ਇਹ ਲੋਕ ਦੁਆਵਾਂ ਕਰ ਰਹੇ ਸਨ। ਵਾਇਰਸ ਨਾਲ ਪੀੜਤ ਕਈ ਲੋਕ ਅਜੇ ਜਹਾਜ਼ 'ਚ ਸਵਾਰ ਹਨ।

ਜਾਪਾਨ ਦੇ ਸਿਹਤ ਮੰਤਰਾਲੇ ਨੇ ਸ਼ਿਪ 'ਚ ਮੌਜੂਦ ਨਾਗਰਿਕਾਂ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਨੂੰ 19 ਤੋਂ 21 ਫਰਵਰੀ ਵਿਚਕਾਰ ਕੱਢਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਭਾਰਤੀ ਜਹਾਜ਼ ਭਾਰਤੀਆਂ ਨੂੰ ਲੈ ਆਉਣ ਲਈ 20 ਫਰਵਰੀ ਨੂੰ ਹਵਾਈ ਫੌਜ ਦਾ ਸੀ-17 ਗਲੋਬਮਾਸਟਰ ਜਹਾਜ਼ ਵੂਹਾਨ ਜਾਵੇਗਾ। ਫੌਜ ਨਾਲ ਜੁੜੇ ਸੂਤਰਾਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਜਹਾਜ਼ 'ਚ ਕੋਰੋਨਾ ਵਾਇਰਸ ਪੀੜਤਾਂ ਲਈ ਦਵਾਈਆਂ ਵੀ ਹੋਣਗੀਆਂ। ਸੋਮਵਾਰ ਨੂੰ ਅਮਰੀਕਾ ਆਪਣੇ 300 ਨਾਗਰਿਕਾਂ ਨੂੰ ਘਰ ਲੈ ਗਿਆ ਜਿਨ੍ਹਾਂ 'ਚੋਂ 14 ਵਾਇਰਸ ਦੀ ਲਪੇਟ 'ਚ ਹਨ। ਬੁੱਧਵਾਰ ਨੂੰ ਦੱਖਣੀ ਕੋਰੀਆ ਦੇ 6 ਨਾਗਰਿਕ ਵਾਪਸ ਦੇਸ਼ ਲਈ ਰਵਾਨਾ ਹੋਏ। ਬ੍ਰਿਟੇਨ, ਹਾਂਗਕਾਂਗ ਅਤੇ ਆਸਟ੍ਰੇਲੀਆ ਨੇ ਵੀ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਚੀਨ ਦੇ ਰਾਸ਼ਟਰੀ ਹੈਲਥ ਕਮਿਸ਼ਨ ਨੇ ਦੱਸਿਆ ਕਿ ਹੁਣ ਤਕ ਇਸ ਵਾਇਰਸ ਨਾਲ 2004 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ 74,000 ਲੋਕਾਂ ਦੇ ਇਸ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੇ ਬਾਹਰ ਸਭ ਤੋਂ ਵਧ ਵਾਇਰਸ ਪੀੜਤ ਲੋਕ ਕਰੂਜ਼ ਸ਼ਿਪ 'ਚੋਂ ਮਿਲੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਂਝ ਪੀੜਤਾਂ ਅਤੇ ਮ੍ਰਿਤਕਾਂ ਦੀ ਗਿਣਤੀ 'ਚ ਕੁਝ ਕਮੀ ਆਈ ਹੈ। ਤੁਹਾਨੂੰ ਦੱਸ ਦਈਏ ਕਿ ਕਰੂਜ਼ ਜਹਾਜ਼ 5 ਫਰਵਰੀ ਨੂੰ ਜਾਪਾਨ ਦੇ ਯੋਕੋਹਾਮਾ ਬੰਦਰਗਾਹ 'ਤੇ ਪੁੱਜਾ ਸੀ। ਹਾਲਾਂਕਿ ਉਸ ਸਮੇਂ ਇਸ ਜਹਾਜ਼ 'ਚ ਕੋਈ ਪੀੜਤ ਵਿਅਕਤੀ ਨਹੀਂ ਸੀ ਪਰ ਹਾਂਗਕਾਂਗ 'ਚ ਉਤਰੇ ਇਕ ਵਿਅਕਤੀ ਦਾ ਨਤੀਜਾ ਪਾਜ਼ੀਟਿਵ ਆਉਣ ਦੇ ਬਾਅਦ ਕਰੂਜ਼ ਨੂੰ ਤਟ 'ਤੇ ਹੀ ਰੋਕ ਲਿਆ ਗਿਆ ਸੀ।


Related News