ਮਾਪੇ ਧੀ ਦੀ ਕਰਾਉਣਾ ਚਾਹੁੰਦੇ ਸਨ ਅਰੇਂਜ ਮੈਰਿਜ, ਨਾਂਹ ਕਰਨ 'ਤੇ ਸੁੱਟਿਆ ਉਬਲਦਾ ਤੇਲ

Monday, Mar 26, 2018 - 03:05 PM (IST)

ਟੈਕਸਾਸ(ਬਿਊਰੋ)— ਯੂ. ਐਸ. ਦੇ ਦੱਖਣੀ ਭਾਗ ਟੈਕਸਾਸ ਵਿਚ 16 ਸਾਲ ਦੀ ਕੁੜੀ 'ਤੇ ਅੱਤਿਆਚਾਰ ਕਰਨ ਦੇ ਦੋਸ਼ ਵਿਚ ਉਸ ਦੇ ਪਰਿਵਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਕੁੜੀ ਦੇ ਪਰਿਵਾਰ ਵਾਲਿਆਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਨਾਬਾਲਗ ਵੱਲੋਂ ਅਰੇਂਜ ਮੈਰਿਜ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ 'ਤੇ ਉਬਲਦਾ ਹੋਇਆ ਤੇਲ ਪਾ ਦਿੱਤਾ। ਪੀੜਤ ਦੇ ਦੋਸ਼ੀ ਪਰਿਵਾਰ ਵਾਲਿਆਂ ਦੀ ਪਛਾਣ 34 ਸਾਲਾ ਅਬਦੁੱਲਾ ਫਾਹਮੀ ਅਲ ਹਿਸ਼ਮਾਵੀ ਅਤੇ 33 ਸਾਲਾ ਹਮਦਿਆਹ ਸਹਾ ਅਲ ਹਿਸ਼ਮਾਵੀ ਦੇ ਰੂਪ ਵਿਚ ਹੋਈ ਹੈ। ਇਕ ਰਿਪੋਰਟ ਮੁਤਾਬਕ ਮਾਰਿਬ ਅਲ ਹਿਸ਼ਮਾਵੀ 30 ਜਨਵਰੀ ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਗਾਇਬ ਹੋਣ ਦੀ ਸ਼ਿਕਾਇਤ ਪੁਲਸ ਥਾਣੇ ਵਿਚ ਦਰਜ ਕਰਾਈ ਸੀ।
ਸ਼ੁੱਕਰਵਾਰ ਨੂੰ ਬੇਕਸਰ ਕਾਊਂਟੀ ਪੁਲਸ ਅਧਿਕਾਰੀ ਜੈਵੀਅਰ ਸਲਜ਼ਾਰ ਨੇ ਕਿਹਾ, 'ਮਾਰਿਬ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਤਾਂ ਝਾੜੂ ਨਾਲ ਉਸ ਦੀ ਕੁੱਟਮਾਰ ਕੀਤੀ, ਫਿਰ ਉਸ ਦਾ ਗਲਾ ਘੁੱਟਿਆ ਜਦੋਂ ਤੱਕ ਉਹ ਬੇਸੁੱਧ ਨਹੀਂ ਹੋ ਗਈ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ 'ਤੇ ਉਬਲਦਾ ਹੋਇਆ ਤੇਲ ਪਾ ਦਿੱਤਾ। ਪਿਛਲੇ ਇਕ ਸਾਲ ਤੋਂ ਮਾਰਿਬ ਨੂੰ ਵਿਆਹ ਕਰਾਉਣ ਲਈ ਕਿਹਾ ਜਾ ਰਿਹਾ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਰਿਸ਼ਤਾ ਦੂਜੇ ਸ਼ਹਿਰ ਦੇ ਇਕ ਵਿਅਕਤੀ ਨਾਲ ਕੀਤਾ ਸੀ ਜੋ ਕਿ ਉਨ੍ਹਾਂ ਨੂੰ ਵਿਆਹ ਬਦਲੇ 20 ਹਜ਼ਾਰ ਡਾਲਰ ਦੇਣ ਵਾਲਾ ਸੀ। ਉਹ ਸਮੇਂ ਮਾਰਿਬ 15 ਸਾਲ ਦੀ ਸੀ।'
ਅਧਿਕਾਰੀ ਮੁਤਾਬਕ, 'ਇੰਨੇ ਅੱਤਿਆਚਾਰਾਂ ਤੋਂ ਬਾਅਦ ਮਾਰਿਬ ਨੇ ਵਿਆਹ ਲਈ 'ਹਾਂ' ਕਰ ਦਿੱਤੀ। ਵਿਆਹ ਦੀ ਤਰੀਕ ਨੇੜੇ ਸੀ ਅਤੇ ਉਦੋਂ ਤੱਕ ਮਾਰਿਬ ਘਰੋਂ ਦੌੜਨ ਦੀ ਯੋਜਨਾ ਬਣਾ ਰਹੀ ਸੀ। ਮਾਰਿਬ 30 ਜਨਵਰੀ ਨੂੰ ਸੈਨ ਐਨਟੋਨੀਓ ਸਥਿਤ ਟਾਫਟ ਹਾਈ ਸਕੂਲ ਲਈ ਗਈ ਅਤੇ ਗਾਇਬ ਹੋ ਗਈ।' ਰਿਪੋਰਟ ਮੁਤਾਬਕ ਮਾਰਿਬ ਦੀ ਭਾਲ ਲਈ ਐਫ.ਬੀ.ਆਈ ਵੀ ਅੱਗੇ ਆਈ। ਐਫ.ਬੀ.ਆਈ ਨੇ ਆਪਣੇ ਫੇਸਬੁੱਕ ਪੇਜ਼ 'ਤੇ ਮਾਰਿਬ ਦੇ ਗੁੰਮਸ਼ੁਦਾ ਹੋਣ ਦੀ ਇਕ ਪੋਸਟ ਵੀ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਮਾਰਚ ਵਿਚ ਮਾਰਿਬ ਦੀ ਭਾਲ ਕਰ ਲਈ ਗਈ ਸੀ। ਪੁੱਛਗਿੱਛ ਦੌਰਾਨ ਮਾਰਿਬ ਨੇ ਗਾਇਬ ਹੋਣ ਦੇ ਪਿੱਛੇ ਆਪਣੇ ਪਰਿਵਾਰ ਦੀ ਕਰਤੂਤ ਨੂੰ ਦੱਸਿਆ। ਫਿਲਹਾਲ ਪੁਲਸ ਨੇ ਦੋਸ਼ੀ ਪਰਿਵਾਰ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਮਾਰਿਬ ਨੂੰ ਹੁਣ ਇਕ ਸੁਰੱਖਿਅਤ ਸਥਾਨ 'ਤੇ ਰੱਖਿਆ ਗਿਆ ਹੈ, ਜਿੱਥੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ।


Related News