ਹਾਫਿਜ਼ ਸਈਦ ਦੇ ਖਿਲਾਫ ਪਾਕਿ ਅਫਸਰਾਂ ਨੇ ਦਿੱਤੀ ਕੋਰਟ ''ਚ ਗਵਾਹੀ

01/08/2020 9:35:45 PM

ਲਾਹੌਰ (ਏਜੰਸੀ)- ਅੱਤਵਾਦੀ ਸੰਗਠਨਾਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਮਾਲੀਆ ਅਧਿਕਾਰੀਆਂ ਸਣੇ 6 ਲੋਕਾਂ ਨੇ ਅਦਾਲਤ ਵਿਚ ਗਵਾਹੀ ਦਿੱਤੀ ਹੈ। ਇਸਤਗਾਸਾ ਧਿਰ ਨੇ ਅਦਾਲਤ ਵਿਚ ਇਨ੍ਹਾਂ ਲੋਕਾਂ ਨੂੰ ਗਵਾਹ ਵਜੋਂ ਪੇਸ਼ ਕੀਤਾ ਸੀ। ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਬੀਤੀ 11 ਦਸੰਬਰ ਨੂੰ ਸਈਦ ਅਤੇ ਉਸ ਦੇ ਨਜ਼ਦੀਕੀ ਹਾਫਿਜ਼ ਅਬਦੁਲ ਸਲਾਮ, ਮੁਹੰਮਦ ਅਸ਼ਰਫ ਅਤੇ ਜਫਰ ਇਕਬਾਲ ਦੇ ਖਿਲਾਫ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਦੋਸ਼ ਤੈਅ ਕੀਤੇ ਸਨ। ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਪੰਜਾਬ ਦੇ ਮਾਲੀਆ ਵਿਭਾਗ ਦੇ ਅਧਿਕਾਰੀਆਂ ਸਣੇ 6 ਲੋਕਾਂ ਨੇ ਚਾਰੋ ਦੋਸ਼ੀਆਂ ਖਿਲਾਫ ਗਵਾਹੀ ਦਿੱਤੀ।

ਇਸ ਦੌਰਾਨ ਮਾਲੀਏ ਅਧਿਕਾਰੀਆਂ ਨੇ ਅਦਾਲਤ 'ਚ ਅਜਿਹੇ ਦਸਤਾਵੇਜ਼ ਵੀ ਦਾਖਲ ਕੀਤੇ ਜਿਨ੍ਹਾਂ ਨਾਲ ਉਨ੍ਹਾਂ ਦੇ ਬਿਆਨ ਦੀ ਪੁਸ਼ਟੀ ਹੁੰਦੀ ਹੈ। ਇਹ ਦਸਤਾਵੇਜ਼ ਸਈਦ ਦੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਅਵਾ ਦੇ ਕੇਂਦਰਾਂ, ਸਹਿਯੋਗੀ ਸੰਗਠਨਾਂ ਅਤੇ ਲਾਹੌਰ ਦੀਆਂ ਮਸਜਿਦਾਂ ਨਾਲ ਸਬੰਧਿਤ ਹਨ। ਇਨ੍ਹਾਂ ਰਾਹੀਂ ਧਨ ਦਾ ਲੈਣ-ਦੇਣ ਕੀਤਾ ਜਾਂਦਾ ਸੀ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਨੇ ਉਨ੍ਹਾਂ ਗਵਾਹਾਂ ਨੂੰ ਵੀ ਪੇਸ਼ ਕੀਤਾ ਜਿਨ੍ਹਾਂ ਨੇ ਧਨ ਉਗਾਹੀ ਦੇ ਤਰੀਕਿਆਂ ਦੇ ਬਾਰੇ ਦੱਸਿਆ। ਬਾਅਦ ਵਿਚ ਇਕੱਠੇ ਧਨਰਾਸ਼ੀ ਨੂੰ ਅੱਤਵਾਦੀ ਸੰਗਠਨਾਂ ਨੂੰ ਦੇ ਦਿੱਤਾ ਜਾਂਦਾ ਸੀ। ਗਵਾਹੀ ਦੌਰਾਨ ਸਈਦ ਅਤੇ ਉਸ ਦੇ ਸਾਥੀਆਂ ਦੇ ਵਕੀਲਾਂ ਨੇ ਗਵਾਹਾਂ ਤੋਂ ਸਵਾਲ ਵੀ ਪੁੱਛੇ। ਇਹ ਪ੍ਰਕਿਰਿਆ ਕਈ ਘੰਟੇ ਚੱਲੀ। ਇਸ ਤੋਂ ਬਾਅਦ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਵੀਰਵਾਰ ਤੱਕ ਲਈ ਅਦਾਲਤ ਮੁਲਤਵੀ ਕਰ ਦਿੱਤੀ।

ਸੁਣਵਾਈ ਦੌਰਾਨ ਸਈਦ ਅਤੇ ਉਸ ਦੇ ਸਾਥੀ ਵੀ ਅਦਾਲਤ ਵਿਚ ਮੌਜੂਦ ਸਨ। ਇਸ ਦੌਰਾਨ ਅਦਾਲਤ ਵਿਚ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਅੱਤਵਾਦ ਰੋਕੂ ਵਿਭਾਗ ਨੇ ਸਈਦ ਅਤੇ ਉਸ ਦੇ ਸਾਥੀਆਂ  ਖਿਲਾਫ ਵੱਖ-ਵੱਖ ਸ਼ਹਿਰਾਂ 'ਚ 23 ਐਫ.ਆਈ.ਆਰ. ਦਰਜ ਕੀਤੀ ਸੀ। ਇਨ੍ਹਾਂ ਦੇ ਆਧਾਰ 'ਤੇ 17 ਜੁਲਾਈ ਨੂੰ ਸਈਦ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਮੇਂ ਉਹ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਕੈਦ ਹੈ। 
ਮੰਨਿਆ ਜਾਂਦਾ ਹੈ ਕਿ ਜਮਾਤ-ਉਦ-ਦਾਅਵਾ ਉਹ ਸੰਗਠਨ ਹੈ, ਜੋ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਲਈ ਧਨ ਦਾ ਇੰਤਜ਼ਾਮ ਕਰਦਾ ਸੀ। ਲਸ਼ਕਰ ਨੇ ਹੀ 2008 ਦੇ ਮੁੰਬਈ ਹਮਲੇ ਨੂੰ ਅੰਜਾਮ ਦਿੱਤਾ ਸੀ ਜਿਸ ਵਿਚ 6 ਅਮਰੀਕੀ ਨਾਗਰਿਕਾਂ ਸਣੇ 166 ਲੋਕ ਮਾਰੇ ਗਏ ਸਨ। ਲਸ਼ਕਰ ਨੇ ਭਾਰਤ ਵਿਚ ਦਰਜਨਾਂ ਹੋਰ ਅੱਤਵਾਦੀ ਹਮਲਿਆਂ ਨੂੰ ਵੀ ਅੰਜਾਮ ਦਿੱਤਾ ਹੈ।


Sunny Mehra

Content Editor

Related News